ਰਾਮਪੁਰਾ ਫੂਲ ਦੀ 14 ਸਾਲਾ ਵਿਦਿਆਰਥਣ ਨੇ 30 ਸੈਕੰਡ 'ਚ ਅੰਗਰੇਜ਼ੀ ਦੇ 218 ਸ਼ਬਦ ਪੜ੍ਹ ਕੇ ਬਣਾਇਆ ਵਰਲਡ ਰਿਕਾਰਡ
Rampura Phul News : ਰਾਮਪੁਰਾ ਫੂਲ ਦੀ 14 ਸਾਲਾ ਸਕੂਲੀ ਵਿਦਿਆਰਥਣ ਨਵਿਆ ਨੇ 30 ਸੈਕੰਡ ਵਿੱਚ ਅੰਗਰੇਜ਼ੀ ਦੇ ਸਭ ਤੋ ਵੱਧ ਸ਼ਬਦ ਪੜ੍ਹ ਕੇ ਇੱਕ ਨਵਾਂ ਵਰਲਡ ਰਿਕਾਰਡ ਬਣਾ ਦਿੱਤਾ ਹੈ। ਉਸ ਨੇ ਉਕਤ ਸਮੇ ਵਿੱਚ ਅੰਗਰੇਜ਼ੀ ਦੇ 218 ਸ਼ਬਦਾਂ ਨੂੰ ਬਿਲੁਕਲ ਸਹੀ ਉਚਾਰਣ ਕਰਕੇ ਇਹ ਪ੍ਰਾਪਤੀ ਹਾਸਿਲ ਕੀਤੀ ਹੈ।
ਨਵਿਆ ਦੇ ਕੋਚ ਰੰਜੀਵ ਗੋਇਲ ਨੇ ਦੱਸਿਆ ਕਿ ਮਾਊਟ ਲਿਟਰਾ ਜੀ ਸਕੂਲ ਵਿਖੇ ਨੌਵੀਂ ਕਲਾਸ ਦੀ ਵਿਦਿਆਰਥਣ ਨਵਿਆ ਸਪੁੱਤਰੀ ਰਾਕੇਸ਼ ਕੁਮਾਰ ਗਰਗ ਨੇ ਅਬੈਕਸ ਵਿਧੀ ਨਾਲ ਆਪਣੀ ਸਪੀਡ ਅਤੇ ਫੋਕਸ ਨੂੰ ਵਧਾ ਕੇ ਇਹ ਰਿਕਾਰਡ ਬਣਾਇਆ ਹੈ। ਉਸ ਨੂੰ ਇਸ ਦੀ ਤਿਆਰੀ ਲਈ ਕਰੀਬ 4 ਮਹੀਨੇ ਦਾ ਸਮਾਂ ਲੱਗਿਆ। ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਨੇ ਇਸ ਰਿਕਾਰਡ ਨੂੰ ਮਾਨਤਾ ਦਿੰਦੇ ਹੋਏ ਉਸ ਨੂੰ ਸਰਟੀਫਿਕੇਟ ਅਤੇ ਮੈਡਲ ਨਾਲ ਨਿਵਾਜਿਆ ਹੈ।
ਬਠਿੰਡਾ ਦੇ ਏਡੀਸੀ (ਸ਼ਹਿਰੀ ਵਿਕਾਸ) ਡਾ: ਨਰਿੰਦਰ ਸਿੰਘ ਧਾਲੀਵਾਲ ਨੇ ਨਵਿਆ ਨੂੰ ਇਹ ਰਿਕਾਰਡ ਬਣਾਉਣ 'ਤੇ ਸਨਮਾਨਿਤ ਕੀਤਾ ਹੈ। ਇਸ ਮੌਕੇ 'ਤੇ ਉਹ ਵੀ ਨਵਿਆ ਦੀ ਅੰਗਰੇਜ਼ੀ ਪੜ੍ਹਨ ਦੀ ਸਪੀਡ ਦੇਖ ਕੇ ਹੈਰਾਨ ਹੋ ਗਏ। ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿੱਚ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਕਰਨ ਨਾਲ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ਼ ਵੱਧਦਾ ਹੈ ਅਤੇ ਇਹ ਰਿਕਾਰਡ ਸਮੁੱਚੇ ਜ਼ਿਲ੍ਹੇ ਅਤੇ ਪੰਜਾਬ ਦੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਮੋਬਾਈਲ ਅਤੇ ਸੋਸ਼ਲ ਮੀਡਿਆ ਦੇ ਯੁਗ ਵਿੱਚ ਪੜ੍ਹਾਈ ਨਾਲ ਸਬੰਧਿਤ ਇਸ ਤਰ੍ਹਾਂ ਦੇ ਵਿਦਿਅਕ ਰਿਕਾਰਡ ਬਨਾਉਣ ਲਈ ਸਮਾਂ ਕੱਢ ਕੇ ਮਿਹਨਤ ਕਰਨ ਵਾਲੀ ਵਿਦਿਆਰਥਣ ਨਵਿਆ ਨੇ ਹੋਰਾਂ ਵਿਦਿਆਰਥੀਆਂ ਦੇ ਲਈ ਵੀ ਮਿਸਾਲ ਕਾਇਮ ਕੀਤੀ ਹੈ।
- PTC NEWS