ਗੜ੍ਹਸ਼ੰਕਰ 'ਚ ਓਵਰਟੇਕਿੰਗ ਕਾਰਨ ਵਾਪਰਿਆ ਹਾਦਸਾ, ਪਰਿਵਾਰ ਦੇ ਇਕਲੌਤੇ ਪੁੱਤ ਦੀ ਮੌਤ
ਹੁਸ਼ਿਆਰਪੁਰ: ਗੜ੍ਹਸ਼ੰਕਰ-ਨੰਗਲ ਰੋਡ 'ਤੇ ਪਿੰਡ ਗੜ੍ਹੀ ਨਜ਼ਦੀਕ ਇੱਕ ਭਿਆਨਕ ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਹਾਦਸਾ ਓਵਰਟੇਕ ਕਰਨ ਦੌਰਾਨ ਵਾਪਰਿਆ, ਜਿਸ ਦੌਰਾਨ ਨੌਜਵਾਨ ਹਰਮਨਜੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਉਮਰ 18 ਸਾਲ ਸੀ।
ਦੱਸਿਆ ਜਾ ਰਿਹਾ ਹੈ ਕਿ ਹਰਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਸ਼ਾਹਪੁਰ ਆਪਣੇ ਚਚੇਰੇ ਭਰਾ ਨਰਿੰਦਰ ਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਨਾਲ ਪਲੈਟੀਨਾ ਮੋਟਰਸਾਈਕਲ PB 24D 5725 'ਤੇ ਸਵਾਰ ਹੋ ਕੇ ਗੜ੍ਹਸ਼ੰਕਰ ਤੋਂ ਪਿੰਡ ਸ਼ਾਹਪੁਰ ਨੂੰ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਪਿੰਡ ਗੜੀ ਨਜ਼ਦੀਕ ਪਹੁੰਚੇ ਤਾਂ ਦੂਜੇ ਪਾਸੇ ਤੋਂ ਆ ਰਹੇ ਮੋਟਰਸਾਈਕਲ ਨੂੰ ਓਵਰਟੇਕ ਕਰਨ ਦੇ ਚੱਕਰ ਵਿੱਚ ਅਣਪਛਾਤੇ ਵਾਹਨ ਨਾਲ ਟਕਰਾ ਗਏ। ਸਿੱਟੇ ਵੱਜੋਂ ਮੋਟਰਸਾਈਕਲ ਸਵਾਰ ਹਰਮਨਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਚਚੇਰਾ ਭਰਾ ਨਰਿੰਦਰਜੀਤ ਸਿੰਘ ਜ਼ਖ਼ਮੀ ਹੋ ਗਿਆ। ਉਸ ਨੂੰ ਲੋਕਾਂ ਨੇ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖਲ ਕਰਵਾਇਆ, ਜਿਥੋਂ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ।
-