Ludhiana News : ਪੰਜਾਬ 'ਚ ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ, ਚਾਰ ਨੌਜਵਾਨਾਂ ਵੱਲੋਂ ਤਰਨਪ੍ਰੀਤ ਸਿੰਘ ਦੇ ਟੀਕੇ ਲਾਉਣ ਦਾ ਦੋਸ਼
Drug Death in Punjab : ਮੁੱਲਾਂਪੁਰ ਦਾਖਾ ਦੇ ਥਾਣਾ ਜੋਧਾ ਅਧੀਨ ਪੈਂਦੇ ਪਿੰਡ ਗੁੱਜਰਵਾਲ ਵਿਖੇ ਜਿੱਥੇ ਇੱਕ 18 ਸਾਲਾਂ ਨੌਜਵਾਨ ਤਰਨਪ੍ਰੀਤ ਸਿੰਘ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋਣ ਦਾ (Drug Overdose Death) ਦੁਖ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ 18 ਸਾਲਾਂ ਨੌਜਵਾਨ ਤਰਨਪ੍ਰੀਤ ਸਿੰਘ ਜਿਸ ਨੂੰ ਬੀਤੀ ਸ਼ਾਮ ਪਿੰਡ ਦਾ ਹੀ ਇੱਕ ਨੌਜਵਾਨ ਆਪਣੀ ਬਾਈਕ ਤੇ ਬਿਠਾ ਕੇ ਲੈ ਗਿਆ ਪ੍ਰੰਤੂ ਜਦ ਉਹ ਤੇਰ ਰਾਤ ਤੱਕ ਘਰ ਨਾ ਮੁੜਿਆ ਤਾਂ ਪਰਿਵਾਰ ਵੱਲੋਂ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਗਿਆ।
ਨੌਜਵਾਨ ਦੀ ਲਾਸ਼ ਪਿੰਡ ਦੇ ਇਨਡੋਰ ਸਟੇਡੀਅਮ ਨਜ਼ਦੀਕ ਮਿਲੀ, ਜਿਸ ਤੋਂ ਬਾਅਦ ਪਤਾ ਲੱਗਾ ਕਿ ਇਸ ਨੂੰ ਪਿੰਡ ਦੇ ਹੀ ਚਾਰ ਨੌਜਵਾਨਾਂ ਮਨਪ੍ਰੀਤ ਸਿੰਘ ਮਨੀ, ਜਗਤਾਰ ਸਿੰਘ, ਰਣਜੀਤ ਸਿੰਘ ਸੋਨੂ ਅਤੇ ਜਗਜੀਤ ਸਿੰਘ ਆਪਣੇ ਨਾਲ ਲੈ ਗਏ ਸਨ, ਜਿੱਥੇ ਉਹਨਾਂ ਨੇ ਇਸ ਨੌਜਵਾਨ ਦੇ ਨਸ਼ੇ ਦਾ ਟੀਕਾ ਲਗਾਇਆ ਹੈ, ਜਿਸ ਕਾਰਨ ਇਸ ਦੀ ਮੌਤ ਹੋ ਗਈ। ਘਟਨਾ ਕਾਰਨ ਪਿੰਡ ਵਿੱਚ ਰੋਸ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਹੁਣ ਤੱਕ ਇਸ ਤੋਂ ਪਹਿਲਾਂ 18 ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ ਅਤੇ ਹੁਣ ਇਸ ਨੌਜਵਾਨ ਦੀ ਮੌਤ ਹੋ ਗਈ।ਪਿੰਡ ਵਾਸੀਆਂ ਦੇ ਰੋਸ ਨੂੰ ਦੇਖਦੇ ਹੋਏ ਥਾਣਾ ਜੋਧਾਂ ਦੀ ਪੁਲਿਸ ਹਰਕਤ ਵਿੱਚ ਆਈ ਅਤੇ ਚਾਰਾਂ ਦੋਸੀਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ। ਉਧਰ, ਗੱਲਬਾਤ ਕਰਦੇ ਹੋਏ ਡੀਐਸ ਪੀ ਮੁੱਲਾਂਪੁਰ ਦਾਖਾ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖਿਲਾਫ ਮੁਕਦਮਾ ਦਰਜ ਕਰਕੇ ਉਹਨਾਂ ਵਿੱਚੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਰਹਿੰਦੇ ਦੋ ਨੌਜਵਾਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
- PTC NEWS