1993 fake encounter case : ਫ਼ਰਜ਼ੀ ਪੁਲਿਸ ਐਨਕਾਊਂਟਰ ਮਾਮਲੇ 'ਚ 3 ਪੁਲਿਸ ਮੁਲਾਜ਼ਮ ਦੋਸ਼ੀ ਕਰਾਰ, 2 ਨੂੰ 8 ਸਾਲ ਅਤੇ 1 ਨੂੰ 3 ਸਾਲ ਦੀ ਕੈਦ ,ਦੋ ਬਰੀ
1993 fake encounter case : ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ 32 ਸਾਲ ਪੁਰਾਣੇ ਫਰਜ਼ੀ ਪੁਲਿਸ ਐਨਕਾਊਂਟਰ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਉਂਦੇ ਹੋਏ 3 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਹੈ। ਇਸ ਮਾਮਲੇ 'ਚ ਅਦਾਲਤ ਨੇ ਰਾਵਲਪਿੰਡੀ (ਕਪੂਰਥਲਾ) ਦੇ ਤਤਕਾਲੀ ਐੱਸਐੱਚਓ ਮਨਜੀਤ ਸਿੰਘ ਅਤੇ ਸਬ-ਇੰਸਪੈਕਟਰ ਗੁਰਮੇਜ ਸਿੰਘ ਨੂੰ ਦੋਸ਼ੀ ਮੰਨਦਿਆਂ ਧਾਰਾ 364 ਵਿੱਚ 8-8 ਸਾਲ ਦੀ ਕੈਦ ਅਤੇ 50-50 ਹਜ਼ਾਰ ਰੁਪਏ ਜੁਰਮਾਨਾ, ਜਦਕਿ ਧਾਰਾ 120ਬੀ ਵਿੱਚ 5-5 ਸਾਲ ਦੀ ਕੈਦ ਤੇ 50-50 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ।
ਇਸੇ ਤਰ੍ਹਾਂ ਤਤਕਾਲੀ ਏਐੱਸਆਈ ਕਰਮਜੀਤ ਸਿੰਘ ਨੂੰ ਧਾਰਾ 364 ਤੇ 120ਬੀ ਵਿੱਚ 3 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ ਹੈ। ਇਸ ਮਾਮਲੇ ਵਿੱਚ ਨਾਮਜ਼ਦ ਦੋ ਹੋਰ ਪੁਲਿਸ ਮੁਲਾਜ਼ਮਾਂ ਕਾਂਸਟੇਬਲ ਕਸ਼ਮੀਰ ਸਿੰਘ ਅਤੇ ਹਰਜੀਤ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ। ਦੋਵੇਂ ਨੌਜਵਾਨਾਂ ਨੂੰ ਮਾਰਨ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਸੁਲਤਾਨਪੁਰ ਲੋਧੀ ਦੇ ਤਤਕਾਲੀ ਐੱਸਐੱਚਓ ਮੋਹਨ ਸਿੰਘ ਅਤੇ ਏਐੱਸਆਈ ਇਕਬਾਲ ਸਿੰਘ ਦੀ ਜਾਂਚ ਦੌਰਾਨ ਮੌਤ ਹੋ ਚੁੱਕੀ ਹੈ। ਇਨ੍ਹਾਂ ਅਧਿਕਾਰੀਆਂ ’ਤੇ ਸਾਲ 1993 ਵਿੱਚ ਦੋ ਸਿੱਖ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦਾ ਦੋਸ਼ ਹੈ।
ਪੀੜਤ ਪਰਿਵਾਰ ਅਦਾਲਤ ਦੇ ਫ਼ੈਸਲੇ ਤੋਂ ਅਸੰਤੁਸ਼ਟ
ਪਲਵਿੰਦਰ ਸਿੰਘ ਦੀ ਪੁੱਤਰੀ ਭੁਪਿੰਦਰ ਕੌਰ ਨੇ ਮਾਮਲੇ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹ ਮੋਹਾਲੀ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਤੋਂ ਅਸੰਤੁਸ਼ਟ ਹਨ ਤੇ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚਣੌਤੀ ਦੇਣਗੇ ਅਤੇ ਦੋਸ਼ੀਆਂ ਲਈ ਉਮਰ ਕੈਦ ਜਾਂ ਮੌਤ ਦੀ ਸਜ਼ਾ ਦੀ ਮੰਗ ਕਰਨਗੇ। ਉਨ੍ਹਾਂ ਅਨੁਸਾਰ ਅਦਾਲਤ ਨੇ ਦੋਸ਼ੀਆਂ ਨੂੰ ਬਹੁਤ ਘੱਟ ਸਜ਼ਾ ਸੁਣਾਈ ਹੈ, ਜਦਕਿ ਅਪਰਾਧ ਬਹੁਤ ਵੱਡਾ ਹੈ। ਉਨ੍ਹਾਂ ਦੱਸਿਆ ਗਿਆ ਕਿ ਕੇਸ ਦੀ ਪੈਰਵਾਈ ਕਰਦੇ ਹੋਏ ਪਹਿਲਾਂ ਉਨਾਂ ਦੇ ਦਾਦਾ ਦਰਸ਼ਨ ਸਿੰਘ ,ਫ਼ਿਰ ਦਾਦੀ ਦੀ ਮੌਤ ਹੋ ਗਈ ਤੇ ਬੀਤੀ 27 ਮਾਰਚ ਨੂੰ ਉਹਨਾਂ ਦੇ ਭਰਾ ਦੀ ਵੀ ਮੌਤ ਹੋ ਗਈ ਹੈ।
ਭੁਪਿੰਦਰ ਕੌਰ ਨੇ ਦੱਸਿਆ ਕਿ 1993 ਵਿੱਚ ਜਦੋਂ ਭੁਪਿੰਦਰ ਕੌਰ ਦੀ ਉਮਰ ਤਕਰੀਬਨ 3 ਸਾਲ ਦੀ ਸੀ ਤਾਂ ਉਸ ਦੇ ਪਿਤਾ ਨੂੰ ਥਾਣਾ ਰਾਵਲਪਿੰਡੀ ਪੁਲਿਸ ਵੱਲੋਂ ਸਵੇਰੇ 8 ਵਜੇ ਉਹਨਾਂ ਦੇ ਘਰ ਤੋਂ ਲੈ ਕੇ ਗਏ ਅਤੇ ਉਸ ਤੋਂ ਬਾਅਦ ਉਹ ਆਪਣੇ ਪਿਤਾ ਦਾ ਰਾਹ ਵੇਖਦੀ ਰਹੀ ਤੇ ਪਿਤਾ ਅਜੇ ਤੱਕ ਘਰ ਨਹੀਂ ਪਰਤੇ। ਜਿਸ ਤੋਂ 2 ਸਾਲ ਬਾਅਦ ਉਹਨਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ।
ਇਸ ਮਗਰੋਂ ਪੁਲਿਸ ਅਧਿਕਾਰੀਆਂ ਨੇ ਹਾਈਕੋਰਟ ਵਿੱਚ ਜਵਾਬ ਦਾਖਲ ਕੀਤਾ ਕਿ ਉਹਨਾਂ ਦੇ ਪਿਤਾ ਪਲਵਿੰਦਰ ਸਿੰਘ ਲੋਕਅਪ ਵਿੱਚੋਂ ਫਰਾਰ ਹੋ ਗਏ ਹਨ। ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇਹ ਕੇਸ ਸੀਬੀਆਈ ਨੂੰ ਦੇ ਦਿੱਤਾ ਗਿਆ। ਜਿਸ ਤੋਂ ਬਾਅਦ 2005 ਵਿੱਚ ਇਸ ਕੇਸ ਦੀ ਚਾਰਜ ਸ਼ੀਟ ਸੀਬੀਆਈ ਵੱਲੋਂ ਮੋਹਾਲੀ ਅਦਾਲਤ ਵਿੱਚ ਦਾਖਲ ਕੀਤੀ ਗਈ ਸੀ। ਜਿਸ ਵਿੱਚ ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ 3 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ।
ਦੱਸ ਦੇਈਏ ਕਿ ਪੀੜਤ ਪਰਿਵਾਰਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ 27 ਮਾਰਚ 1993 ਨੂੰ ਸਵੇਰੇ ਕਰੀਬ ਸਾਢੇ 8 ਵਜੇ ਥਾਣਾ ਰਾਵਲਪਿੰਡੀ, ਕਪੂਰਥਲਾ ਦੇ ਏਐੱਸਆਈ ਕਰਮਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਪਲਵਿੰਦਰ ਸਿੰਘ ਉਰਫ਼ ਪੱਪੂ ਵਾਸੀ ਪਿੰਡ ਰਾਵਲਪਿੰਡੀ ਨੂੰ ਉਸ ਦੇ ਘਰੋਂ ਚੁੱਕਿਆ ਸੀ। ਉਸੇ ਦਿਨ ਇੱਕ ਹੋਰ ਵਿਅਕਤੀ ਬਲਬੀਰ ਸਿੰਘ ਵਾਸੀ ਪਿੰਡ ਢੱਡੇ, ਫਗਵਾੜਾ ਨੂੰ ਰਾਵਲਪਿੰਡੀ ਦੇ ਉਸ ਸਮੇਂ ਦੇ ਐੱਸਐੱਚਓ ਮਨਜੀਤ ਸਿੰਘ ਨੇ ਪਿੰਡੋਂ ਚੁੱਕਿਆ ਸੀ। ਉਨ੍ਹਾਂ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ। 5 ਅਪਰੈਲ 1993 ਨੂੰ ਪਲਵਿੰਦਰ ਸਿੰਘ ਅਤੇ ਬਲਬੀਰ ਸਿੰਘ ਨੂੰ ਸੁਲਤਾਨਪੁਰ ਲੋਧੀ ਪੁਲੀਸ ਨਾਲ ਮੁਕਾਬਲੇ ਵਿੱਚ ਮਾਰੇ ਗਏ ਦਿਖਾਇਆ ਗਿਆ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰਾਂ ਨੂੰ ਨਹੀਂ ਦਿੱਤੀ ਗਈ ਅਤੇ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਦੱਸ ਕੇ ਪੁਲੀਸ ਨੇ ਅੰਤਿਮ ਸਸਕਾਰ ਵੀ ਖ਼ੁਦ ਹੀ ਕਰ ਦਿੱਤਾ ਸੀ।
- PTC NEWS