Abohar ’ਚ ਕਿਸਾਨਾਂ ਨੇ ਰਾਜਸਥਾਨ ਤੋਂ ਆ ਰਹੀਆਂ ਝੋਨੇ ਦੀਆਂ 2 ਟਰਾਲੀਆਂ ਕਾਬੂ; ਪੁਲਿਸ ’ਤੇ ਚੁੱਕੇ ਸਵਾਲ
Abohar News : ਅਬੋਹਰ ’ਚ ਕਿਸਾਨਾਂ ਵੱਲੋਂ ਝੋਨੇ ਦੀਆਂ 2 ਟਰਾਲੀਆਂ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਵੱਲੋਂ ਕਾਬੂ ਕੀਤੀਆਂ ਗਈਆਂ 2 ਟਰਾਲੀਆਂ ਰਾਜਸਥਾਨ ਤੋਂ ਆ ਰਹੀਆਂ ਸੀ। ਮਿਲੀ ਜਾਣਕਾਰੀ ਮੁਤਾਬਿਕ ਕਿਸਾਨਾਂ ਨੇ ਨਾਕਾ ਲਗਾ ਕੇ 2 ਟਰੈਕਟਰ ਟਰਾਲੀ ਸਣੇ ਡਰਾਈਵਰ ਨੂੰ ਕਾਬੂ ਕੀਤਾ ਹੈ। ਕਿਸਾਨਾਂ ਨੇ ਕਾਬੂ ਕੀਤੀਆਂ ਟਰਾਲੀਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਲਗਾਤਾਰ ਪੰਜਾਬ ਦੀਆਂ ਮੰਡੀਆਂ ਵਿਚ ਬਾਹਰਲੇ ਸੂਬਿਆਂ ਤੋਂ ਕਾਲਾਬਾਜ਼ਾਰੀ ਅਤੇ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰਨ ਵਾਲੇ ਵਪਾਰੀਆਂ ਵਲੋ ਸਸਤੇ ਭਾਅ ਵਿੱਚ ਝੋਨਾ ਖਰੀਦ ਕਰਕੇ ਪੰਜਾਬ ਵਿੱਚ ਵੱਧ ਮੁੱਲ ਐਮਐਸਪੀ 'ਤੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਵੇਚਿਆ ਜਾ ਰਿਹਾ ਹੈ।
ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਟਰੈਕਟਰ ਟਰਾਲੀਆਂ ਦੇ ਡਰਾਈਵਰਾਂ ਨੂੰ ਜਦੋਂ ਪੁੱਛਿਆ ਗਿਆ ਤਾਂ ਉਹ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ ਅਤੇ ਬਾਅਦ ਵਿੱਚ ਉਨ੍ਹਾਂ ਮੰਨਿਆ ਕਿ ਝੋਨਾ ਰਾਜਸਥਾਨ ਦੇ ਪੀਲੀ ਬੰਗਾ ਤੋਂ ਲਿਆਂਦਾ ਗਿਆ ਹੈ।
ਦੱਸ ਦਈਏ ਕਿ ਕਿਸਾਨ ਆਗੂਆਂ ਨੇ ਥਾਣਾ ਬਹਾਵ ਵਾਲਾ ਪੁਲਿਸ ਨੂੰ ਡਰਾਈਵਰ ਅਤੇ ਟਰੈਕਟਰ ਟਰਾਲੀ ਸੌਂਪ ਦਿੱਤੇ। ਪੁਲਿਸ ਮੁਲਾਜਮ ਦਾ ਕਹਿਣਾ ਸੀ ਕਿ ਉਨ੍ਹਾਂ ਵਲੋ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਜਾਂਚ ਵਿਚ ਕੋਈ ਢਿੱਲ ਵਰਤੀ ਗਈ ਤਾਂ ਵੱਡਾ ਸੰਘਰਸ ਵਿੱਢਿਆ ਜਾਵੇਗਾ।
- PTC NEWS