Canada Fire : ਬਰੈਂਪਟਨ ਅੱਗ 'ਚ ਡੇਹਲੋਂ ਦੇ ਪਿੰਡ ਗੁਰਮ ਦੇ 3 ਜੀਆਂ ਦੀ ਵੀ ਹੋਈ ਮੌਤ, ਦੋ ਦਿਨ ਤੋਂ ਪਿੰਡ 'ਚ ਨਹੀਂ ਬਲਿਆ ਚੁੱਲ੍ਹਾ
Ludhiana News : ਲੁਧਿਆਣਾ ਜ਼ਿਲ੍ਹੇ ਦੇ ਕਸਬਾ ਡੇਹਲੋਂ (Dehlon News) ਨੇੜਲੇ ਪਿੰਡ ਗੁਰਮ ਦੇ ਦਵਿੰਦਰ ਸਿੰਘ ਦੇ ਪਰਿਵਾਰਕ ਤੇ ਰਿਸ਼ਤੇਦਾਰਾਂ ਦੀ ਕੈਨੇਡਾ ਦੇ ਬਰੈਂਪਟਨ ਵਿਚ ਘਰ ਨੂੰ ਲੱਗੀ ਅੱਗ ਨਾਲ ਮੌਤ ਦੀ ਖ਼ਬਰ ਨੂੰ ਪੂਰੇ ਪੰਜਾਬ ਤੇ ਕੈਨੇਡਾ ਵਿਚ ਰਹਿੰਦੇ ਪੰਜਾਬੀਆਂ ਨੂੰ ਝੰਜੋੜ ਕੇ (Punjabi Death in Brampton Fire) ਰੱਖ ਦਿੱਤਾ ਗਿਆ। ਪਿੰਡ ਗੁਰਮ ਵਿਚ ਆਪਣਿਆਂ ਦੀ ਮੌਤ 'ਤੇ ਪੂਰੇ ਪਿੰਡ ਵਿੱਚ ਮਾਹੌਲ ਗ਼ਮਗੀਨ ਹੈ ਅਤੇ ਪੂਰੇ ਪਿੰਡ ਵਿੱਚ ਦੋ ਦਿਨ ਚੁੱਲਾ ਨਹੀਂ ਬਲਿਆ।
ਪੀਟੀਸੀ ਨਿਊਜ਼ ਵੱਲੋਂ ਪਿੰਡ ਗੁਰਮ ਵਿਖੇ ਦਵਿੰਦਰ ਸਿੰਘ ਦੇ ਘਰ ਵਿਚ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਘਰ ਵਿਚ ਸਿਰਫ ਦਵਿੰਦਰ ਸਿੰਘ ਦਾ ਭਤੀਜਾ ਤੇ ਉਸਦੀ ਬਜ਼ੁਰਗ ਮਾਤਾ ਸੀ, ਜਿਨ੍ਹਾਂ ਵੱਲੋਂ ਕਿਸੇ ਵੀ ਪੱਤਰਕਾਰ ਨਾਲ ਇਸ ਸਬੰਧ ਵਿੱਚ ਕੋਈ ਗੱਲਬਾਤ ਨਹੀਂ ਕੀਤੀ ਗਈ।
ਪਿੰਡ ਦੇ ਚਮਕੌਰ ਸਿੰਘ ਵੱਲੋਂ ਪੀਟੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਦਵਿੰਦਰ ਸਿੰਘ ਦੇ ਪਰਿਵਾਰ 'ਚ ਪਤਨੀ ਤੇ ਪੋਤਾ, ਜੋ ਕਿ ਪਿੰਡ ਹੀ ਰਹਿੰਦੇ ਸਨ, ਕੁੱਝ ਮਹੀਨੇ ਪਹਿਲਾਂ ਹੀ ਦਵਿੰਦਰ ਸਿੰਘ ਦੀ ਬੇਟੀ ਦੇ ਪ੍ਰੈਗਨੈਂਟ ਹੋਣ ਕਾਰਨ ਕੈਨੇਡਾ ਉਸ ਕੋਲ ਗਏ ਹੋਏ ਸਨ ਅਤੇ ਉਨ੍ਹਾਂ ਦੇ ਬੇਟਾ ਤੇ ਨੂੰਹ ਪਹਿਲਾਂ ਹੀ ਕੈਨੇਡਾ ਵਿਖੇ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਇਸ ਮੰਦਭਾਗੀ ਅੱਗ ਵਾਲੀ ਘਟਨਾ ਵਾਲੇ ਦਿਨ ਦਵਿੰਦਰ ਸਿੰਘ ਦਾ ਬੇਟਾ, ਨੂੰਹ,ਪੋਤਾ,ਪਤਨੀ ਤੇ ਉਸਦੀ ਸਾਲੀ ਦੀ ਧੀ ਉਸਦੇ ਜਵਾਈ ਜਗਰਾਜ ਸਿੰਘ ਦੇ ਘਰ ਵਿੱਚ ਇਕੱਠੇ ਸਨ ਅਤੇ ਜਿਸ ਵਕਤ ਇਹ ਅੱਗ ਲੱਗੀ ਤਾਂ ਉਸ ਦਾ ਜਵਾਈ ਟਰੱਕ ਤੇ ਬਾਹਰ ਸੀ।
ਚਮਕੌਰ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਅੱਗ ਵਿਚ ਦਵਿੰਦਰ ਸਿੰਘ ਦੀ ਪਤਨੀ, ਪੋਤਾ, ਸਾਲੀ ਦੀ ਧੀ ਅਤੇ ਉਸਦੀ ਆਪਣੀ ਧੀ ਦਾ ਅਣਜੰਮਿਆ ਬੱਚਾ ਜ਼ੋ ਕਿ ਹਸਪਤਾਲ ਵਿਖੇ ਇਲਾਜ ਦੌਰਾਨ ਇਸ ਦੁਨੀਆਂ ਤੋਂ ਰੁਖ਼ਸਤ ਹੋਣ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਅੱਗ ਵਿਚ ਦਵਿੰਦਰ ਸਿੰਘ ਦੇ ਬੇਟਾ ਵੀ ਗੰਭੀਰ ਜਖਮੀ ਹੈ, ਜੋ ਕਿ ਕੈਨੇਡਾ ਦੇ ਹਸਪਤਾਲ ਵਿਖੇ ਜੇਰੇ ਇਲਾਜ ਹੈ।
ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਜਦੋਂ ਪਿੰਡ ਗੁਰਮ ਵਿਖੇ ਇਸ ਘਟਨਾ ਸੰਬੰਧੀ ਦਵਿੰਦਰ ਸਿੰਘ ਨੂੰ ਪਤਾ ਲੱਗਿਆ ਤਾਂ ਉਹ ਤਰੁੰਤ ਕੇਨੈਡਾ ਰਵਾਨਾ ਹੋ ਗਿਆ।
ਇਸ ਘਟਨਾ ਨੂੰ ਲੈ ਕੇ ਉਨ੍ਹਾਂ ਦੇ ਪਿੰਡ ਗੁਰਮ ਵਿਚ ਮਾਤਮ ਛਾਇਆ ਹੋਇਆ ਹੈ ਅਤੇ ਪੂਰੇ ਪਿੰਡ ਨੇ ਬਹੁਤ ਦੁਖ ਮਨਾਇਆ ਹੈ ਕਿਉਂਕਿ ਦਵਿੰਦਰ ਸਿੰਘ ਦਾ ਪਰਿਵਾਰ ਬੇਹੱਦ ਸ਼ਰੀਫ਼ ਤੇ ਮਿਲਵਰਤਣ ਵਾਲਾ ਪਰਿਵਾਰ ਹੈ , ਪਿੰਡ ਦਾ ਹਰ ਸ਼ਖਸ ਇਸ ਘਟਨਾ ਤੋਂ ਆਹਤ ਹੈ ਅਤੇ ਇਸ ਖਬਰ ਤੋਂ ਬਾਅਦ ਪੂਰੇ ਪਿੰਡ ਵਿੱਚ ਦੋ ਦਿਨ ਚੁੱਲ੍ਹਾ ਨਹੀਂ ਬਲਿਆ।
- PTC NEWS