Gurdaspur News : 4 ਸਾਲਾਂ ਬੱਚੇ ਦੀ ਛੱਪੜ ਵਿੱਚ ਡੁੱਬਣ ਕਾਰਨ ਹੋਈ ਮੌਤ, ਮਾਂ -ਪਿਓ ਦੇ ਕਲੇਸ਼ ਕਰਕੇ ਨਾਨਕੇ ਘਰ ਰਹਿੰਦਾ ਸੀ ਬੱਚਾ
Gurdaspur News : ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਵਿਖੇ ਇੱਕ 4 ਸਾਲ ਦੇ ਬੱਚੇ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਨੀਵਾਂ ਧਕਾਲਾ ਵਿਖੇ ਵਿਆਹੀ ਇੱਕ ਲੜਕੀ ਦਾ ਆਪਣੇ ਸਹੁਰੇ ਪਰਿਵਾਰ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ ,ਜਿਸ ਕਾਰਨ ਪਿਛਲੇ ਕੁਝ ਸਮੇਂ ਤੋਂ ਲੜਕੀ ਆਪਣੇ ਪੇਕੇ ਪਰਿਵਾਰ ਕੋਲ ਰਹਿ ਰਹੀ ਸੀ।
ਉਸਦਾ ਇੱਕ ਚਾਰ ਸਾਲ ਦਾ ਬੇਟਾ ਵੀ ਉਸ ਦੇ ਨਾਲ ਰਹਿ ਰਿਹਾ ਸੀ। ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਉਹਨਾਂ ਦੇ ਘਰ ਦੇ ਪਿਛਲੀ ਸਾਈਡ 'ਤੇ ਇਕ ਛੱਪੜ ਸੀ ਅਤੇ ਛੋਟਾ ਬੱਚਾ ਪਹਿਲਾਂ ਵੀ ਛੱਪੜ ਵਿੱਚ ਜਾਨਵਰ ਵੇਖਣ ਲਈ ਚੱਲ ਜਾਂਦਾ ਸੀ। ਅੱਜ ਜਦੋਂ ਕਾਫੀ ਸਮਾਂ ਬੱਚਾ ਘਰ ਵਿੱਚ ਵੇਖਣ ਨੂੰ ਨਾ ਮਿਲਿਆ ਤਾਂ ਉਹਨਾਂ ਇਧਰ ਉਧਰ ਭਾਲ ਕੀਤੀ ਪਰ ਬੱਚਾ ਨਹੀਂ ਮਿਲਿਆ।
ਜਦੋਂ ਇਧਰ ਉਧਰ ਛਾਣਬੀਣ ਦੌਰਾਨ ਘਰ ਦੇ ਪਿਛਲੇ ਪਾਸੇ ਛੱਪੜ ਵਿੱਚ ਵੇਖਿਆ ਤਾਂ ਬੱਚੇ ਦੀ ਅਚਾਨਕ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਲਾਸ਼ ਉੱਪਰ ਤੈਰ ਰਹੀ ਸੀ। ਉਧਰ ਦੂਜੇ ਪਾਸੇ ਬੱਚੇ ਦੇ ਪਿਤਾ ਅਤੇ ਦਾਦਾ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਬੱਚੇ ਨੂੰ ਜਾਣ ਬੁੱਝ ਕੇ ਇਸ ਦੇ ਨਾਨਕਾ ਪਰਿਵਾਰ ਵੱਲੋਂ ਮਾਰਿਆ ਗਿਆ ਹੈ ਅਤੇ ਦੋਵੇਂ ਧਿਰਾਂ ਆਪਸ ਵਿੱਚ ਉਲਝਦੀਆਂ ਨਜ਼ਰ ਆਈਆਂ।
ਜਦੋਂ ਸਾਰਾ ਇਹ ਮਾਮਲਾ ਪੁਲਿਸ ਤੱਕ ਪਹੁੰਚਾ ਤਾਂ ਮੌਕੇ 'ਤੇ ਪੁਲਿਸ ਵੱਲੋਂ ਮੋਕੇ 'ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜਾ ਲਿਆ ਗਿਆ। ਇਸ ਮੌਕੇ ਜਾਇਜਾ ਲੈਣ ਪਹੁੰਚੇ ਡੀਐਸਪੀ ਦੀਨਨਗਰ ਰਜਿੰਦਰ ਮਿਹਨਾਸ ਨੇ ਦੱਸਿਆ ਕਿ ਦੋਨਾਂ ਪਰਿਵਾਰਾਂ ਨਾਲ ਗੱਲਬਾਤ ਕਰਕੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਬੱਚੇ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਪੋਸਟਮਾਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- PTC NEWS