Tue, Apr 23, 2024
Whatsapp

40ਵਾਂ ਸੁਰਜੀਤ ਹਾਕੀ ਟੂਰਨਾਮੈਂਟ; ਕੈਗ ਦਿੱਲੀ ਅਤੇ ਪੰਜਾਬ ਪੁਲਿਸ ਦੀ ਟੀਮਾਂ ਨੇ ਹਾਸਿਲ ਕੀਤੀ ਜਿੱਤ

ਅੱਜ ਖੇਡੇ ਗਏ ਨਾਕ ਆਊਟ ਦੌਰ ਦਾ ਪਹਿਲਾ ਮੈਚ ਕੈਗ, ਨੇਵੀ ਦਿੱਲੀ ਅਤੇ ਸੀਮਾਂ ਸੁਰੱਖਿਆ ਬਲ, ਜਲੰਧਰ ਵਿਚਕਾਰ ਖੇਡਿਆ ਗਿਆ ।

Written by  Shameela Khan -- October 26th 2023 09:24 PM -- Updated: October 26th 2023 09:56 PM
40ਵਾਂ ਸੁਰਜੀਤ ਹਾਕੀ ਟੂਰਨਾਮੈਂਟ; ਕੈਗ ਦਿੱਲੀ ਅਤੇ ਪੰਜਾਬ ਪੁਲਿਸ ਦੀ ਟੀਮਾਂ ਨੇ ਹਾਸਿਲ ਕੀਤੀ ਜਿੱਤ

40ਵਾਂ ਸੁਰਜੀਤ ਹਾਕੀ ਟੂਰਨਾਮੈਂਟ; ਕੈਗ ਦਿੱਲੀ ਅਤੇ ਪੰਜਾਬ ਪੁਲਿਸ ਦੀ ਟੀਮਾਂ ਨੇ ਹਾਸਿਲ ਕੀਤੀ ਜਿੱਤ

ਸੁਰਜੀਤ ਹਾਕੀ ਟੂਰਨਾਮੈਂਟ:  ਪੰਜਾਬ ਪੁਲਿਸ ਨੇ ਭਾਰਤੀ ਨੇਵੀ ਮੁੰਬਈ ਨੂੰ 2-1 ਨਾਲ ਅਤੇ ਕੈਗ ਦਿੱਲੀ ਨੇ ਬੀ.ਐੱਸ.ਐਫ਼ ਜਲੰਧਰ ਨੂੰ ਸਖ਼ਤ ਮੁਕਾਬਲੇ ਮਗਰੋਂ 4-3 ਦੇ ਫਰਕ ਨਾਲ ਹਰਾ ਕੇ 40ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੀਗ ਦੌਰ ਵਿੱਚ ਪ੍ਰਵੇਸ਼ ਕਰ ਲਿਆ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਉਕਤ ਟੂਰਨਾਮੈਂਟ ਦੇ ਦੂਜੇ ਦਿਨ ਦੋ ਮੈਚ ਖੇਡੇ ਗਏ। 

ਅੱਜ ਖੇਡੇ ਗਏ ਨਾਕ ਆਊਟ ਦੌਰ ਦਾ ਪਹਿਲਾ ਮੈਚ ਕੈਗ, ਨੇਵੀ ਦਿੱਲੀ ਅਤੇ ਸੀਮਾਂ ਸੁਰੱਖਿਆ ਬਲ, ਜਲੰਧਰ ਵਿਚਕਾਰ ਖੇਡਿਆ ਗਿਆ । ਕੈਗ ਟੀਮ ਨੇ ਮੈਚ ਦੇ ਸ਼ੁਰੂ ਤੋਂ ਹੀ ਹਮਲਾਵਰ ਰੁੱਖ ਅਪਣਾਉਂਦੇ ਹੋਏ ਵਾਰ ਵਾਰ ਬੀ.ਐਸ.ਐੱਫ. ਉਪਰ ਹਮਲੇ ਕੀਤੇ ਪਰ ਸਫਲਤਾ ਉਹਨਾਂ ਨੂੰ ਖੇਡ ਦੇ 8 ਮਿੰਟ ਵਿਚ ਉਸ ਸਮੇਂ ਮਿਲੀ ਜਦੋਂ ਉਹਨਾਂ ਦੇ ਕਪਤਾਨ ਪਰਵਿੰਦਰ ਸਿੰਘ ਨੇ ਸ਼ਾਨਦਾਰ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ ।
ਇਕ ਗੋਲ ਤੋਂ ਪਿਛੜਨ ਉਪਰੰਤ ਖੇਡ ਦੇ 12ਵੇਂ ਮਿੰਟ ਵਿਚ ਬੀ.ਐਸ.ਐੱਫ. ਨੇ ਆਪਣੀ ਸੁਰੱਖਿਆ ਮਜ਼ਬੂਤ ਕਰਦੇ ਹੋਏ ਫਾਰਵਰਡ ਲਾਈਨ ਦੇ ਖਿਡਾਰੀ ਕਪਤਾਨ ਹਾਤਿੰਦਰ ਕੁਮਾਰ ਨੇ ਇਕੱਲੇ ਯਤਨ ਰਾਹੀਂ ਕੈਗ ਦੇ ਰੱਖਿਆ ਪੰਕਤੀ ਦੇ ਖਿਡਾਰੀਆਂ ਨੂੰ ਝਕਾਨੀ ਦਿੰਦੇ ਹੋਏ 'ਡੀ' ਵਿਚ ਪ੍ਰਵੇਸ਼ ਕੀਤਾ ਪਰ ਕੈਗ ਦੇ ਫੁੱਲਬੈਕ ਵੰਕਟੇਸ਼ ਤੇਲਗੂ ਨੇ ਜਾਣ ਬੁੱਝਕੇ ਖਿਡਾਰੀ ਨੂੰ ਗੋਲ ਕਰਨ ਤੋਂ ਰੋਕਣ ਉਪਰ ਅੰਪਾਇਰ ਨੇ ਬੀ.ਐਸ.ਐੱਫ. ਦੇ ਹੱਕ ਵਿਚ ਪੈਨਲਟੀ ਸਟਰੋਕ ਦੇ ਦਿੱਤੀ ਜਿਸ ਨੂੰ ਅਮਰਬੀਰ ਨੇ ਬਿਨ੍ਹਾ ਕੋਈ ਗਲਤੀ ਕੀਤੇ ਗੋਲ ਵਿਚ ਤਬਦੀਲ ਕਰਕੇ ਆਪਣੀ ਟੀਮ 1-1 ਦੀ ਬਰਾਬਰੀ ਉਪਰ ਖੜ੍ਹਾ ਕਰ ਦਿੱਤਾ । ਅੱਧੇ ਸਮੇਂ ਤਕ ਦੋਵੇਂ ਟੀਮਾਂ 1-1 ਦੀ ਬਰਾਬਰੀ ਉਪਰ ਖੇਡ ਰਹੀਆਂ ਸਨ।

ਅੱਧੇ ਸਮੇਂ ਤੋਂ ਬਾਅਦ ਖੇਡ ਦੇ 33ਵੇਂ ਮਿੰਟ ਵਿੱਚ ਕੈਗ ਦਿੱਲੀ ਦੇ ਰਾਜ ਕੁਮਾਰ ਪਾਲ ਨੇ ਗੋਲ ਕਰਕੇ ਸਕੋਰ 2-1 ਕੀਤਾ। 36ਵੇਂ ਮਿੰਟ ਵਿੱਚ ਬੀ.ਐਸ.ਐੱਫ. ਦੇ ਕੰਵਲਪਾਲ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-2 ਕੀਤਾ। ਖੇਡ ਦੇ 47ਵੇਂ ਮਿੰਟ ਵਿੱਚ ਬੀਐਸਐਫ ਦੇ ਰਾਜਵੀਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 3-2 ਕੀਤਾ। ਖੇਡ ਦੇ 50ਵੇਂ ਮਿੰਟ ਵਿੱਚ ਕੈਗ ਦਿੱਲੀ ਦੇ ਕਪਤਾਨ ਪਰਵਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 3-3 ਕਰਕੇ ਬਰਾਬਰ ਕਰ ਦਿੱਤਾ। ਖੇਡ ਦੇ ਆਖਰੀ ਮਿੰਟ ਵਿੱਚ ਕੈਗ ਦਿੱਲੀ ਦੇ ਗੋਬਿੰਦ ਸਿੰਘ ਰਾਵਤ ਨੇ ਪੈਨਲਟੀ ਕਾਰਨਰ ਨੂੰ ਗੋਲ ਕਰਕੇ ਸਕੋਰ 4-3 ਕਰਕੇ ਮੈਚ ਆਪਣੇ ਨਾਂਅ ਕੀਤਾ।

ਦੂਜਾ ਮੈਚ ਸਾਬਕਾ ਜੇਤੂ ਪੰਜਾਬ ਪੁਲਿਸ ਅਤੇ ਭਾਰਤੀ ਨੇਵੀ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਦੋਵੇਂ ਟੀਮਾਂ ਵਲੋਂ ਖੇਡ ਦੇ ਪਹਿਲੇ ਅੱਧ ਵਿੱਚ ਗੋਲ ਕਰਨ ਦੇ ਕਈ ਮੌਕੇ ਗਵਾਏ। ਅੱਧੇ ਸਮੇਂ ਤੱਕ ਦੋਵੇਂ ਟੀਮਾਂ ਬਿਨ੍ਹਾਂ ਕਿਸੇ ਗੋਲ ਦੇ ਬਰਾਬਰੀ ਤੇ ਸਨ। ਅੱਧੇ ਸਮੇਂ ਤੋਂ ਬਾਅਦ ਭਾਰਤੀ ਨੇਵੀ ਦੇ ਕੇ ਸਿਲਵਾਰਾਜ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 46ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਮਨਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-1 ਕੀਤਾ। ਖੇਡ ਦੇ 53ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਉਲੰਪੀਅਨ ਅਕਾਸ਼ਦੀਪ ਸਿੰਘ ਨੇ ਬਲਵਿੰਦਰ ਸਿੰਘ ਦੇ ਸ਼ਾਂਨਦਾਰ ਪਾਸ ਤੇ ਮੈਦਾਨੀ ਗੋਲ ਕਰਕੇ ਸਕੋਰ 2-1 ਕਰਕੇ ਮੈਚ ਜਿੱਤ ਕੇ ਲੀਗ ਦੌਰ ਵਿੱਚ ਸਥਾਨ ਬਣਾਇਆ।

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਚਰਨਜੀਤ ਸਿੰਘ ਚੰਨੀ ਸੀਟੀ ਗਰੁੱਪ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਦੀ ਪਤਨੀ ਨਵਪ੍ਰੀਤ ਕੌਰ, ਉਲੰਪੀਅਨ ਗੁਰਜੀਤ ਕੌਰ, ਉਲੰਪੀਅਨ ਦੀਪਕ ਠਾਕੁਰ, ਉਲੰਪੀਅਨ ਰਜਿੰਦਰ ਸਿੰਘ, ਉਲੰਪੀਅਨ ਦਵੇਸ਼ ਚੌਹਾਨ, ਰਾਮ ਪ੍ਰਤਾਪ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਨਰਿੰਦਰ ਪਾਲ ਸਿੰਘ ਜੱਜ, ਲਖਵਿੰਦਰ ਪਾਲ ਸਿੰਘ ਖਹਿਰਾ, ਲਖਬੀਰ ਸਿੰਘ ਨਾਰਵੇ, ਮਹਿੰਦਰ ਸਿੰਘ ਐਗਜੈਕਟਿਵ ਮੈਂਬਰ ਜਿਮਖਾਨਾ ਕਲੱਬ, ਸਤਪਾਲ ਤੂਰ, ਰਣਬੀਰ ਸਿੰਘ ਰਾਣਾ, ਤੇਜਾ ਸਿੰਘ ਸਿੰਧ ਬੈਂਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਜੇਤੂ ਟੀਮ ਨੂੰ ਅਮਰੀਕਾ ਦੀ ਪ੍ਰਸਿੱਧ ਗਾਖਲ ਬ੍ਰਦਰਜ਼ ਗਰੁੱਪ (Gakhal Brothers Group) ਵੱਲੋਂ 5.50 ਲੱਖ ਰੁਪਏ ਦੀ ਇਨਾਮ ਰਾਸ਼ੀ ਵੰਡੀ ਜਾਵੇਗੀ। ਉੱਥੇ ਹੀ ਰੰਨਰ ਅੱਪ ਟੀਮ ਨੂੰ NRI ਬਲਵਿੰਦਰ ਸਿੰਘ ਸੈਣੀ ਵੱਲੋਂ 2.50 ਲੱਖ ਰੁਪਏ ਦਾ ਨਗਦ ਇਨਾਮ ਵੰਡਿਆ ਜਾਵੇਗਾ।

 ਵਿਸ਼ੇਸ ਸਾਰੰਗਲ, ਆਈ.ਏ.ਐਸ., ਡਿਪਟੀ ਕਮਿਸ਼ਨਰ ਜਲੰਧਰ ਜੋ ਕਿ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਇਹ ਟੂਰਨਾਮੈਂਟ ਹਰ ਸਾਲ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਾਬਕਾ ਓਲੰਪੀਅਨ ਮਰਹੂਮ ਸਰਦਾਰ ਸੁਰਜੀਤ ਸਿੰਘ ਰੰਧਾਵਾ ਦੇ ਨਾਮ ਨੂੰ ਜ਼ਿੰਦਾ ਰੱਖਣ ਲਈ, ਜੋ 7 ਜਨਵਰੀ, 1984 ਨੂੰ ਜਲੰਧਰ ਨੇੜੇ ਇੱਕ ਭਿਆਨਕ ਕਾਰ ਹਾਦਸੇ ਵਿੱਚ ਆਪਣੀ ਜਾਨ ਗੁਆ ਬੈਠੇ ਸਨ ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਵੱਲੋਂ ਟੂਰਨਾਮੈਂਟ ਕਰਵਾਇਆ ਜਾਂਦਾ ਹੈ

ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ 32 ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਏਸ਼ੀਆ ਦੀ ਸਭ ਤੋਂ ਵੱਡੀ ਅਤੇ ਮੋਹਰੀ ਮਹਾਰਤਨ ਆਇਲ ਕੰਪਨੀ 'ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ'  ਟੂਰਨਾਮੈਂਟ ਦੀ ਮੁੱਖ ਟਾਈਟਲ ਸਪਾਂਸਰ ਹੋਵੇਗੀ ਜਦਕਿ ਅਮਰੀਕਾ ਦੇ ਗਾਖਲ ਬ੍ਰਦਰਜ਼ ਟੂਰਨਾਮੈਂਟ ਦੇ ਸਹਿ ਸਪਾਂਸਰ ਹੋਣਗੇ।

- PTC NEWS

Top News view more...

Latest News view more...