Rajpura News : ਬਨੂੜ ਨੇੜਲੇ ਪਿੰਡ ਚੰਗੇਰਾ 'ਚ ਗੰਦੇ ਪਾਣੀ ਦੀ ਸਪਲਾਈ ਨਾਲ ਫੈਲਿਆ ਡਾਇਰੀਆ, 65 ਸਾਲਾ ਬਜ਼ੁਰਗ ਦੀ ਮੌਤ; ਦਰਜਨ ਦੇ ਕਰੀਬ ਬੀਮਾਰ
Rajpura News : ਰਾਜਪੁਰਾ ਦੇ ਕਸਬਾ ਬਨੂੜ ਦੇ ਨੇੜਲੇ ਪਿੰਡ ਚੰਗੇਰਾ ਵਿੱਚ ਗੰਦੇ ਪਾਣੀ ਦੀ ਸਪਲਾਈ ਆਉਣ ਕਾਰਨ ਡਾਇਰੀਆ ਫੈਲ ਗਿਆ ਹੈ। ਜਿਸ ਕਾਰਨ 65 ਸਾਲਾਂ ਬਜ਼ੁਰਗ ਸਰਬਨ ਸਿੰਘ ਦੀ ਮੌਤ ਹੋ ਗਈ ਅਤੇ ਦਰਜਨ ਦੇ ਕਰੀਬ ਬੱਚੇ, ਮਹਿਲਾਵਾਂ ਅਤੇ ਵਿਅਕਤੀ ਬੀਮਾਰ ਹਨ, ਜੋ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਨੂੰ ਪਾਣੀ ਦੀ ਸਪਲਾਈ ਦੇਣ ਲਈ ਨਵੀਂ ਪਾਈਪ ਲਾਈਨ ਪਾਈ ਜਾ ਰਹੀ ਹੈ, ਜਿਸ ਦੇ ਥਾਂ-ਥਾਂ ਤੋਂ ਲੀਕ ਹੋਣ ਕਾਰਨ ਘਰਾਂ ਵਿੱਚ ਗੰਦੇ ਪਾਣੀ ਦੀ ਸਪਲਾਈ ਆ ਰਹੀ ਸੀ ,ਜਿਸ ਨੂੰ ਪੀਣ ਨਾਲ ਲੋਕ ਇਸ ਬੀਮਾਰੀ ਦਾ ਸ਼ਿਕਾਰ ਹੋ ਗਏ।
ਪਿੰਡ ਵਿੱਚ ਗੰਦੇ ਪਾਣੀ ਤੋਂ ਡਾਇਰੀਆ ਫੈਲਣ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀ ਹਰਕਤ ਵਿੱਚ ਆਏ ਅਤੇ ਪਿੰਡ ਦੇ ਪ੍ਰਭਾਵਿਤ ਖੇਤਰ ਦਾ ਸਰਵੇ ਕੀਤਾ ਗਿਆ। ਲੋਕਾਂ ਨੂੰ ਦਵਾਈ ਵੰਡਦਿਆਂ ਹਦਾਇਤ ਕੀਤੀ ਗਈ ਕਿ ਕੁਝ ਦਿਨ ਪਿੰਡ ਦੇ ਜਲ ਸਪਲਾਈ ਤੋਂ ਆਉਣ ਵਾਲੇ ਪਾਣੀ ਨੂੰ ਪੀਣ ਲਈ ਨਾ ਵਰਤਿਆ ਜਾਵੇ।
ਮੌਕੇ 'ਤੇ ਜਲ ਸਪਲਾਈ ਲਾਇਨ ਦਾ ਜਾਇਜ਼ਾ ਲੈਣ ਲਈ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਪਹੁੰਚੇ ਅਤੇ ਮੌਕੇ ਦੀ ਰਿਪੋਰਟ ਤਿਆਰ ਕੀਤੀ ਗਈ।
- PTC NEWS