ਤਲਵਾੜਾ ਨੇੜਿਓਂ ਮਿਲੀ 7 ਸਾਲਾ ਮਾਸੂਮ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ
Punjab News: ਪੰਜਾਬ ਦੇ ਜ਼ੀਰਕਪੁਰ ਦੇ ਰਹਿਣ ਵਾਲੇ ਇਕ ਤਲਾਕਸ਼ੁਦਾ ਜੋੜੇ ਦੀ 7 ਸਾਲਾ ਮਾਸੂਮ ਬੱਚੀ ਹੁਸ਼ਿਆਰਪੁਰ ਦੇ ਤਲਵਾੜਾ ਤੋਂ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਜਦੋਂ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਕਿਸੇ ਜਾਣਕਾਰ ਤੋਂ ਉਸ ਦੇ ਪਿਤਾ ਨੂੰ ਜਾਣਕਾਰੀ ਮਿਲੀ। ਇਸ ਤੋਂ ਬਾਅਦ ਪਿਤਾ ਨੇ ਸਹੀ ਸਲਾਮਤ ਬੱਚੀ ਨੂੰ ਆਪਣੇ ਘਰ ਲਿਆਂਦਾ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਪਿਲ ਪੁੱਤਰ ਮੋਹਣ ਸਰੂਪ ਵਾਸੀ ਜ਼ੀਰਕਪੁਰ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਨਾਲ ਬੀਤੀ 30 ਜਨਵਰੀ 2025 ਨੂੰ ਤਲਾਕ ਹੋ ਗਿਆ ਸੀ। ਉਸ ਨੇ ਦੱਸਿਆ ਕਿ ਮਾਨਯੋਗ ਅਦਾਲਤ ਦੇ ਸਾਹਮਣੇ 7 ਸਾਲਾ ਬੱਚੀ ਦੇ ਪਾਲਣ-ਪੋਸ਼ਣ ਅਤੇ ਦੇਖ ਰੇਖ ਦੀ ਜ਼ਿੰਮੇਵਾਰੀ ਮਾਂ ਵੱਲੋਂ ਲਈ ਗਈ ਸੀ। ਇਸ ਲਈ ਬੱਚੀ ਨੂੰ ਉਸ ਦੀ ਮਾਂ ਦੇ ਹਵਾਲੇ ਕੀਤਾ ਗਿਆ ਸੀ।
ਉਸ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਤੁਹਾਡੀ ਬੇਟੀ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਉਸ ਨੇ ਆਪਣੀ ਬੱਚੀ ਤੱਕ ਪਹੁੰਚ ਕੀਤੀ ਅਤੇ ਬੱਚੀ ਨੂੰ ਆਪਣੇ ਘਰ ਲਿਆਂਦਾ।
ਉਸ ਨੇ ਦੋਸ਼ ਲਾਇਆ ਕਿ ਉਸ ਦੀ ਤਲਾਕਸ਼ੁਦਾ ਪਤਨੀ ਅਤੇ ਉਸ ਦੇ ਪ੍ਰੇਮੀ ਵੱਲੋਂ ਉਸ ਦੀ ਬੱਚੀ ਨੂੰ ਚੱਲਦੀ ਕਾਰ ਵਿੱਚੋਂ ਤਲਵਾੜਾ ਨੇੜੇ ਸੁੱਟ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਥੋਂ ਦੇ ਲੋਕਾਂ ਨੇ ਬੱਚੀ ਨੂੰ ਸੰਭਾਲਿਆ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ।
ਕਪਿਲ ਨੇ ਦੱਸਿਆ ਕਿ ਉਸ ਨੇ ਜ਼ੀਰਕਪੁਰ ਦੇ ਪੁਲਿਸ ਥਾਣੇ ਵਿੱਚ ਪਤਨੀ ਅਤੇ ਉਸ ਦੇ ਪ੍ਰੇਮੀ ਖ਼ਿਲਾਫ਼ ਬੱਚੀ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਸ਼ਿਕਾਇਤ ਦਿੱਤੀ ਹੈ। ਉੱਥੇ ਹੀ ਪੜਤਾਲੀਆ ਅਫ਼ਸਰ ਐੱਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਆਰੰਭ ਕਰ ਦਿੱਤੀ ਗਈ ਹੈ।
- PTC NEWS