80,000 ਲੀਟਰ ਈਥਾਨੋਲ ਮਾਮਲੇ 'ਚ ਵੱਡਾ ਮੋੜ; ''ਇੰਡੀਅਨ ਆਇਲ ਦੇ ਬਠਿੰਡਾ ਟਰਮੀਨਲ ਲਈ ਆਏ ਸਨ ਟਰੱਕ'' ਟਰਾਂਸਪੋਰਟਰ ਬਲਜੀਤ ਸੰਧੂ ਦੇ ਵੱਡੇ ਦਾਅਵੇ
Bathinda Ethanol Case : ਬੀਤੇ ਦਿਨ ਐਕਸਾਈਜ਼ ਵਿਭਾਗ ਅਤੇ ਬਠਿੰਡਾ ਪੁਲਿਸ ਵੱਲੋਂ 80 ਹਜਾਰ ਲੀਟਰ ਈਥਾਨੋਲ ਬਰਾਮਦਗੀ ਕਰਕੇ ਆਪਣੀ ਵੱਡੀ ਪ੍ਰਾਪਤੀ ਦੱਸੀ ਗਈ ਸੀ ਕਿ ਇਹ ਈਥਾਨੋਲ, ਗੁਜਰਾਤ ਨੰਬਰ ਦੀਆਂ ਗੱਡੀਆਂ ਵਿੱਚ ਪੰਜਾਬ ਵਿੱਚ ਨਕਲੀ ਸ਼ਰਾਬ ਬਣਾਉਣ ਲਈ ਆਇਆ ਸੀ। ਇਸ ਪ੍ਰਾਪਤੀ ਨੂੰ ਹੋਰ ਚਮਕਾਉਣ ਲਈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ (Punjab Police) ਦੀ ਵੱਡੀ ਪ੍ਰਾਪਤੀ ਦੱਸਿਆ ਗਿਆ, ਪਰ ਅੱਜ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਟਰੱਕ ਮਾਲਕ ਅਤੇ ਟਰਾਂਸਪੋਰਟਰ ਬਲਜੀਤ ਸਿੰਘ ਸੰਧੂ ਅਤੇ ਸ਼੍ਰੋਮਣੀ ਅਕਾਲੀ ਦਲ (Shriomani Akali Dal) ਦੇ ਬਠਿੰਡਾ ਸ਼ਹਿਰੀ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਮਾਮਲੇ ਵਿੱਚ ਵੱਡੇ ਖੁਲਾਸੇ ਕੀਤੇ ਹਨ।
ਪੈਟਰੋਲ 'ਚ ਮਿਲਾਉਣ ਲਈ ਆਇਆ ਸੀ ਈਥਾਨੋਲ!
ਦੋਵੇਂ ਆਗੂਆਂ ਨੇ ਕਿਹਾ ਕਿ ਇਹ ਈਥਾਨੋਲ ਦੇ ਟਰੱਕ, ਸ਼ਰਾਬ ਬਣਾਉਣ ਲਈ ਨਹੀਂ, ਸਗੋਂ ਪੈਟਰੋਲ ਵਿੱਚ ਮਿਲਾਉਣ ਲਈ ਇੰਡੀਅਨ ਆਇਲ ਦੇ ਟਰਮੀਨਲ ਬਠਿੰਡਾ ਵਿੱਚ ਆਏ ਸਨ, ਜਿਨਾਂ ਵਿੱਚੋਂ ਇੱਕ ਦੀ ਐਂਟਰੀ ਇੰਡੀਅਨ ਆਇਲ ਦੇ ਗੇਟ 'ਤੇ ਹੋ ਵੀ ਚੁੱਕੀ ਸੀ ਪਰ ਅੰਦਰ ਗੱਡੀਆਂ ਦਾ ਇਕੱਠ ਹੋਣ ਕਰਕੇ ਉਸ ਨੂੰ ਬਾਹਰ ਡਰਾਈਵਰ ਵੱਲੋਂ ਪਾਰਕਿੰਗ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਡਰਾਈਵਰ ਵੱਲੋਂ ਆਪਣੀ ਗੱਡੀ ਇੱਕ ਢਾਬੇ 'ਤੇ ਲਗਾ ਕੇ ਆਪਣੀ ਵਾਰੀ ਆਉਣ ਦੀ ਉਡੀਕ ਕੀਤੀ ਜਾ ਰਹੀ ਸੀ। ਇਸੇ ਦੌਰਾਨ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਡਰਾਈਵਰਾਂ ਨੂੰ ਫੜ ਕੇ ਕਥਿਤ ਤੌਰ 'ਤੇ ਉਹਨਾਂ ਨੂੰ ਡਰਾਇਆ ਧਮਕਾਇਆ, ਇਥੋਂ ਤੱਕ ਕਿ ਗਨ ਪੁਆਇੰਟ 'ਤੇ ਉਹਨਾਂ ਤੋਂ ਦਸਤਖਤ ਕਰਵਾਏ।
ਪੰਜਾਬ ਸਰਕਾਰ 'ਤੇ ਲੱਗੇ ਇਲਜ਼ਾਮ
ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਟਰਾਂਸਪੋਰਟਰ ਨੇ ਦਾਅਵਾ ਕਰਦੇ ਕਿਹਾ ਪੰਜਾਬ ਸਰਕਾਰ ਆਪਣੀ ਝੂਠੀ ਵਾਹ-ਵਾਹ ਖੱਟਣ ਲਈ ਬਿਨਾਂ ਜਾਂਚ ਪੜਤਾਲ ਜਿੱਥੇ ਉਹਨਾਂ ਦੇ ਖਿਲਾਫ ਝੂਠਾ ਮਾਮਲਾ ਦਰਜ ਕੀਤਾ ਗਿਆ ਅਤੇ ਉਹਨਾਂ ਦੀ ਕੰਪਨੀ ਨੂੰ ਬਦਨਾਮ ਕੀਤਾ ਗਿਆ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਹੁਣ ਜਿੱਥੇ ਐਕਸਾਈਜ ਵਿਭਾਗ ਖਿਲਾਫ ਮਾਣਹਾਨੀ ਦਾ ਕੇਸ ਕਰਨਗੇ, ਉੱਥੇ ਹੀ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ।
ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਸ਼ਹਿਰੀ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਯੁੱਧ ਨਸ਼ੇ ਵਿਰੁੱਧ ਚਲਾਈ ਮੁਹਿੰਮ ਨੂੰ ਸਹੀ ਸਾਬਤ ਕਰਨ ਲਈ ਝੂਠੇ ਮਾਮਲੇ ਦਰਜ ਕਰਨ ਵਿੱਚ ਲੱਗੀ ਹੋਈ ਹੈ, ਕਿਉਂਕਿ ਬੀਤੇ ਦਿਨ ਗੋਨਿਆਨਾ ਨਾਲ ਸਬੰਧਤ ਨੌਜਵਾਨ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹਾ ਹੀ ਮਾਮਲਾ ਉਕਤ ਮਾਮਲਾ ਹੈ, ਜਿਸ ਵਿੱਚ ਸਰਕਾਰ ਨੇ ਬਿਨਾਂ ਜਾਂਚ ਪੜਤਾਲ ਕੀਤੀ ਆਪਣੀ ਵਾਹ-ਵਾਹ ਖੱਟਣ ਲਈ ਜਿੱਥੇ ਝੂਠਾ ਕੇਸ ਦਰਜ ਕੀਤਾ, ਉਥੇ ਹੀ ਇੱਕ ਨਾਮਵਰ ਟਰਾਂਸਪੋਰਟਰ ਦੀ ਬਦਨਾਮੀ ਕਰ ਦਿੱਤੀ।
- PTC NEWS