Chhath Puja : ਮਾਛੀਵਾੜਾ ਸਾਹਿਬ 'ਚ ਛੱਠ ਪੂਜਾ 'ਤੇ ਵਾਪਰੀ ਘਟਨਾ, ਸਤਲੁਜ ਦਰਿਆ 'ਚ ਰੁੜੀ 9 ਸਾਲਾ ਬੱਚੀ
Machhiwara Sahib News : ਨੇੜ੍ਹਲੇ ਪਿੰਡ ਗੁਰੂਗੜ੍ਹ ਦੇ ਵਾਸੀ ਕਰਨ ਕੁਮਾਰ ਦੀ 9 ਸਾਲਾ ਬੱਚੀ ਆਂਚਲ ਕੁਮਾਰੀ ਛੱਠ ਪੂਜਾ ਦਾ ਮੱਥਾ ਟੇਕਣ ਲਈ ਸਤਲੁਜ ਦਰਿਆ (Satluj River) ’ਤੇ ਗਈ ਜਿੱਥੇ ਉਹ ਤੇਜ਼ ਪਾਣੀ ਦੇ ਵਹਾਅ ਵਿਚ ਰੁੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਆਂਚਲ ਕੁਮਾਰੀ ਕੱਲ੍ਹ 27 ਅਕਤੂਬਰ ਨੂੰ ਸ਼ਾਮ ਸਮੇਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਨੇੜ੍ਹੇ ਹੀ ਵਗਦੇ ਸਤਲੁਜ ਦਰਿਆ ਵਿਚ ਛੱਠੀ ਮਾਤਾ ਦੀ ਪੂਜਾ ਕਰਨ ਗਈ ਸੀ।
ਜਾਣਕਾਰੀ ਅਨੁਸਾਰ, ਘਟਨਾ ਉਸ ਸਮੇਂ ਵਾਪਰੀ ਜਦੋਂ ਪਰਿਵਾਰਕ ਮੈਂਬਰ ਪੂਜਾ ਕਰਨ ਲੱਗ ਪਏ, ਜਦਕਿ 4 ਬੱਚੇ ਸਤਲੁਜ ਦਰਿਆ ਦੇ ਪਾਣੀ ਵਿਚ ਨਹਾਉਣ ਲੱਗ ਗਏ। ਬੱਚੀ ਦੇ ਪਿਤਾ ਕਰਨ ਕੁਮਾਰ ਨੇ ਦੱਸਿਆ ਕਿ ਜਦੋਂ ਬੱਚੇ ਤੇਜ਼ ਪਾਣੀ ਦੇ ਵਹਾਅ ਵਿਚ ਰੁੜਨ ਲੱਗੇ ਤਾਂ ਉਹ ਬਚਾਅ ਲਈ ਰੌਲਾ ਪਾਉਣ ਲੱਗ ਪਏ।
ਪਰਿਵਾਰ ਦੇ ਇੱਕ ਮੈਂਬਰ ਵਲੋਂ ਬੱਚਿਆਂ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰ ਦਿੱਤੀ, ਜਿਸ ਵਲੋਂ 3 ਬੱਚੇ ਤਾਂ ਬਚਾ ਲਏ ਜਦਕਿ ਆਂਚਲ ਕੁਮਾਰੀ ਪਾਣੀ ਵਿਚ ਰੁੜ ਗਈ। ਪਰਿਵਾਰਕ ਮੈਂਬਰ ਕਾਫ਼ੀ ਦੇਰ ਤੱਕ ਪਾਣੀ ਵਿਚ ਉਸਦੀ ਤਲਾਸ਼ ਕਰਦੇ ਰਹੇ ਅਤੇ ਅੱਜ ਗੋਤਾਖੋਰ ਵੀ ਬੁਲਾਏ ਗਏ ਪਰ ਆਂਚਲ ਕੁਮਾਰੀ ਦਾ ਕੋਈ ਸੁਰਾਗ ਨਾ ਲੱਗਾ। ਆਂਚਲ ਕੁਮਾਰੀ ਦੇ ਪਾਣੀ ਵਿਚ ਡੁੱਬਣ ਕਾਰਨ ਪਰਿਵਾਰ ਵਿਚ ਸੋਗ ਦਾ ਮਾਹੌਲ ਹੈ ਅਤੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਬੱਚੀ ਦੀ ਤਲਾਸ਼ ਕੀਤੀ ਜਾਵੇ।
- PTC NEWS