Raminder Singh Awla : ਸਾਬਕਾ ਕਾਂਗਰਸੀ ਵਿਧਾਇਕ ਨੇ ਅਕਾਲੀ ਦਲ 'ਚ ਕੀਤੀ ਸ਼ਮੂਲੀਅਤ, ਜਾਣੋ ਕੌਣ ਹਨ ਰਮਿੰਦਰ ਆਵਲਾ
Raminder Singh Awla : ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਕਾਂਗਰਸ ਨੂੰ ਜਲਾਲਾਬਾਦ ਹਲਕੇ ਵਿੱਚ ਵੱਡਾ ਝਟਕਾ ਲੱਗਿਆ ਹੈ। ਜਲਾਲਾਬਾਦ ਹਲਕੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ ਹੈ।
ਪਾਰਟੀ ਵਿੱਚ ਆਵਲਾ ਦੀ ਭੂਮਿਕਾ ਵਿੱਚ ਭਰੋਸਾ ਪ੍ਰਗਟ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਾਬਕਾ ਵਿਧਾਇਕ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕੇ ਅਤੇ ਵਿਸ਼ਾਲ ਸਰਹੱਦੀ ਖੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ।
ਇਹ ਵੀ ਪੜ੍ਹੋ...ਪੰਜਾਬ 'ਚ ਚਿੱਟੇ ਦੇ ਦੈਂਤ ਨੇ ਇੱਕ ਹੋਰ ਨੌਜਵਾਨ ਨਿਗਲਿਆ, ਬੈਲ ਖੇਡਾਂ ਦਾ ਪ੍ਰਮੋਟਰ ਸੀ 24 ਸਾਲਾ ਨੌਜਵਾਨ
ਅਕਾਲੀ ਦਲ ਵਿੱਚ ਸ਼ਾਮਲ ਹੋਣ 'ਤੇ ਸੁਖਬੀਰ ਸਿੰਘ ਬਾਦਲ ਨੇ 'X' 'ਤੇ ਪੋਸਟ ਕੀਤਾ, "ਸੀਨੀਅਰ ਕਾਂਗਰਸੀ ਆਗੂ ਅਤੇ ਜਲਾਲਾਬਾਦ ਤੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਸਵਾਗਤ ਕਰਨਾ ਖੁਸ਼ੀ ਦੀ ਗੱਲ ਹੈ। ਜਲਾਲਾਬਾਦ ਨੇ ਮੈਨੂੰ ਤਿੰਨ ਵਾਰ ਇਸਦੀ ਸੇਵਾ ਕਰਨ ਦਾ ਮੌਕਾ ਦਿੱਤਾ। ਇਹ ਇੱਕ ਅਜਿਹਾ ਹਲਕਾ ਵੀ ਹੈ ਜਿੱਥੇ ਅਕਾਲੀ ਸਰਕਾਰਾਂ ਦੌਰਾਨ ਇਨਕਲਾਬੀ ਵਿਕਾਸ ਹੋਇਆ ਹੈ। ਹੁਣ ਆਵਲਾ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਮੈਨੂੰ ਵਿਸ਼ਵਾਸ ਹੈ ਕਿ ਉਹ ਇਸ ਹਲਕੇ ਦੇ ਨਾਲ-ਨਾਲ ਪੂਰੀ ਸਰਹੱਦੀ ਪੱਟੀ ਵਿੱਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਆਪਣੀ ਪੂਰੀ ਵਾਹ ਲਾਉਣਗੇ ਤਾਂ ਜੋ 2027 ਵਿੱਚ ਪਾਰਟੀ ਦੀ ਜਿੱਤ ਯਕੀਨੀ ਬਣਾਈ ਜਾ ਸਕੇ।"
It is a pleasure to welcome senior Congress leader and former MLA from Jalalabad, Raminder Singh Awla, into the Shiromani Akali Dal fold. Jalalabad gave me the opportunity to serve it thrice. It is also a constituency which witnessed revolutionary development during the Akali governments. Now with Mr Awla joining the party I am confident he will put in his best to strengthen the @Akali_Dal_ in this constituency as well as the entire border belt to ensure the party’s victory in 2027.
— Sukhbir Singh Badal (@officeofssbadal) October 25, 2026
ਸੂਤਰਾਂ ਅਨੁਸਾਰ, ਨੇ ਦੱਸਿਆ ਕਿ ਸੁਖਬੀਰ ਦੇ ਚਚੇਰੇ ਭਰਾ ਪਵਨਪ੍ਰੀਤ ਸਿੰਘ ਬੌਬੀ ਬਾਦਲ ਨੇ ਆਵਲਾ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਬੌਬੀ ਅਤੇ ਆਵਲਾ ਦੇ ਪਰਿਵਾਰਕ ਮੈਂਬਰ ਕਾਰੋਬਾਰੀ ਭਾਈਵਾਲ ਹਨ।
ਕੌਣ ਹਨ ਕਾਂਗਰਸ ਸਾਬਕਾ ਵਿਧਾਇਕ ਆਵਲਾ ?
ਦੱਸ ਦਈਏ ਕਿ ਰਮਿੰਦਰ ਆਵਲਾ ਨੇ 2019 ਤੋਂ 2022 ਤੱਕ ਪੰਜਾਬ ਵਿਧਾਨ ਸਭਾ ਵਿੱਚ ਜਲਾਲਾਬਾਦ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਨੇ ਅਕਤੂਬਰ 2019 ਦੀ ਉਪ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਰਾਜ ਸਿੰਘ ਡਿੱਬੀਪੁਰਾ ਨੂੰ ਹਰਾ ਕੇ ਇਹ ਸੀਟ ਖੋਹ ਲਈ ਸੀ। ਇਹ ਸੀਟ 2019 ਵਿੱਚ ਸੁਖਬੀਰ ਬਾਦਲ ਦੇ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਖਾਲੀ ਹੋਈ ਸੀ।
ਆਵਲਾ, ਫਿਰੋਜ਼ਪੁਰ ਜ਼ਿਲ੍ਹੇ ਦੇ ਨਾਲ ਲੱਗਦੇ ਗੁਰੂਹਰਸਹਾਏ ਵਿਧਾਨ ਸਭਾ ਹਲਕੇ ਤੋਂ ਹਨ, ਜੋ 2022 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਲਗਾਤਾਰ ਕਾਂਗਰਸ ਵਿੱਚ ਸਰਗਰਮ ਰਹੇ ਹਨ। ਇਸ ਤੋਂ ਪਹਿਲਾਂ, ਪਿਛਲੇ ਸਮੇਂ ਵਿੱਚ ਉਨ੍ਹਾਂ ਦੇ ਭਾਜਪਾ ਵਿੱਚ ਸ਼ਮੂਲੀਅਤ ਕਰਨ ਨੂੰ ਲੈ ਕੇ ਵੀ ਚਰਚਾਵਾਂ ਸਨ।
ਇਹ ਵੀ ਜ਼ਿਕਰਯੋਗ ਹੈ ਕਿ ਇੱਕ ਪ੍ਰਮੁੱਖ ਕਾਰੋਬਾਰੀ ਅਤੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ, ਆਵਲਾ ਨੇ ਇਸ ਸਾਲ ਦੇ ਸ਼ੁਰੂ ਵਿੱਚ ਗੁਰੂਹਰਸਹਾਏ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਦੀ ਮੁਹਿੰਮ ਦੀ ਅਗਵਾਈ ਵੀ ਕੀਤੀ ਸੀ, ਜਦੋਂ ਪਾਰਟੀ ਨੇ 15 ਵਿੱਚੋਂ 13 ਵਾਰਡ ਜਿੱਤੇ ਸਨ।
ਹਾਲਾਂਕਿ, ਆਵਲਾ ਦਾ ਅਕਾਲੀ ਦਲ ਨਾਲ ਕਈ ਵਾਰ ਟਕਰਾਅ ਵੀ ਹੋਇਆ, ਪਰੰਤੂ ਹੁਣ ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਕਾਂਗਰਸੀ ਆਗੂ ਦੇ ਸ਼ਾਮਲ ਹੋਣ ਨਾਲ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਅਕਾਲੀ ਦਲ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ, ਕਿਉਂਕਿ ਉਹ ਦੋਵਾਂ ਜ਼ਿਲ੍ਹਿਆਂ ਵਿੱਚ ਸਰਗਰਮ ਹੈ।
ਇਹ ਵੀ ਪੜ੍ਹੋ...ਚਿੱਟਾ ਹੀ ਚਿੱਟਾ...! ਪੰਜਾਬ 'ਚ ਨਸ਼ਿਆਂ ਨੂੰ ਉਜਾਗਰ ਕਰਦੀ ਤਸਵੀਰ, ਬਠਿੰਡਾ 'ਚ ਕੰਧਾਂ 'ਤੇ ਲਿਖੇ ਗਏ ਨਾਅਰੇ
- PTC NEWS