Elon Musk ਦੇ ਜੀਵਨ ‘ਤੇ ਬਣੇਗੀ ਹਾਲੀਵੁੱਡ ਫਿਲਮ; ਡੈਰੇਨ ਆਰਨੋਫਸਕੀ ਕਰਨਗੇ ਨਿਰਦੇਸ਼ਨ
Elon Musk Biopic: ਟੇਸਲਾ ਦੇ ਸੀਈਓ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੀ ਜ਼ਿੰਦਗੀ ‘ਤੇ ਜਲਦ ਹੀ ਬਾਇਓਪਿਕ ਬਣਾਈ ਜਾਵੇਗੀ। ‘ਬਲੈਕ ਸਵਾਨ’ ਦੇ ਨਿਰਦੇਸ਼ਕ ਅਤੇ ਆਸਕਰ ਨਾਮਜ਼ਦ ਡੈਰੇਨ ਆਰਨੋਫਸਕੀ ਇਸ ਬਾਇਓਪਿਕ ਦਾ ਨਿਰਦੇਸ਼ਨ ਕਰਨਗੇ। ਨਿਊਯਾਰਕ ਦੇ ਫਿਲਮ ਸਟੂਡੀਓ A24 ਨੇ ਬਾਇਓਪਿਕ ਬਣਾਉਣ ਦੇ ਅਧਿਕਾਰ ਜਿੱਤ ਲਏ ਹਨ।
A24 ਸਟੂਡੀਓਜ਼ ਨੇ ਪਹਿਲਾਂ ‘ਦਿ ਵ੍ਹੇਲ’ ਲਈ ਅਰਨੋਫਸਕੀ ਨਾਲ ਕੰਮ ਕੀਤਾ ਸੀ। ਇਸ ਫਿਲਮ ‘ਚ ਬ੍ਰੈਂਡਨ ਫਰੇਜ਼ਰ ਨੇ ਮੁੱਖ ਭੂਮਿਕਾ ਨਿਭਾਈ ਸੀ। ਮਸਕ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ‘ਤੇ ਬਾਇਓਪਿਕ ਬਣਾਈ ਜਾਵੇਗੀ। ਉਨ੍ਹਾਂ ਲਿਖਿਆ, "ਖੁਸ਼ੀ ਹੈ, ਡੈਰੇਨ ਇਹ ਬਾਇਓਪਿਕ ਕਰ ਰਹੇ ਹਨ, ਉਹ ਬਿਹਤਰੀਨ ਨਿਰਦੇਸ਼ਕਾਂ ਵਿੱਚੋਂ ਇੱਕ ਹਨ।”
ਦੱਸ ਦਈਏ ਕਿ ਲੇਖਕ ਵਾਲਟਰ ਆਈਜ਼ੈਕਸਨ ਨੇ ਇਸ ਸਾਲ ਸਤੰਬਰ ਵਿੱਚ ਐਲੋਨ ਮਸਕ ਦੇ ਜੀਵਨ ਉੱਤੇ ਇੱਕ ਜੀਵਨੀ ਲਿਖੀ ਹੈ। ਹੁਣ ਇਸ ਬਾਇਓਗ੍ਰਾਫੀ ‘ਤੇ ਆਧਾਰਿਤ ਬਾਇਓਪਿਕ ਬਣਾਈ ਜਾਵੇਗੀ। ਇਸ ਤੋਂ ਪਹਿਲਾਂ 2015 ‘ਚ ਐਪਲ ਦੇ ਸਹਿ-ਸੰਸਥਾਪਕ ਸਟੀਵ ਜੌਬਸ ‘ਤੇ ਲਿਖੀ ਆਈਜ਼ੈਕਸਨ ਦੀ ਕਿਤਾਬ ‘ਤੇ ਫਿਲਮ ਬਣੀ ਸੀ। ਇਸ ਵਿੱਚ ਆਇਰਿਸ਼ ਅਦਾਕਾਰ ਮਾਈਕਲ ਫਾਸਬੈਂਡਰ ਨੇ ਸਟੀਵ ਜੌਬਸ ਦੀ ਭੂਮਿਕਾ ਨਿਭਾਈ ਹੈ।
- PTC NEWS