ਕਮਰੇ 'ਚ ਸੱਪ ਛੱਡ ਕੇ ਪਤਨੀ ਅਤੇ 2 ਸਾਲ ਦੀ ਬੇਟੀ ਦਾ ਕਤਲ ਕਰਨ ਵਾਲਾ ਨੌਜਵਾਨ ਗ੍ਰਿਫਤਾਰ
ਨਵੀਂ ਦਿੱਲੀ: ਓਡੀਸ਼ਾ ਦੇ ਗੰਜਮ ਜ਼ਿਲੇ 'ਚ ਇਕ 25 ਸਾਲਾ ਨੌਜਵਾਨ ਨੂੰ ਕਥਿਤ ਤੌਰ 'ਤੇ ਆਪਣੇ ਕਮਰੇ 'ਚ ਜ਼ਹਿਰੀਲਾ ਸੱਪ ਛੱਡ ਕੇ ਆਪਣੀ ਪਤਨੀ ਅਤੇ 2 ਸਾਲ ਦੀ ਬੇਟੀ ਦੀ ਹੱਤਿਆ ਕਰਨ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਇੱਥੋਂ ਕਰੀਬ 60 ਕਿਲੋਮੀਟਰ ਦੂਰ ਕਬੀਸੂਰੀਆ ਨਗਰ ਖੇਤਰ ਦੇ ਅਧੇਗਾਓਂ ਪਿੰਡ ਵਿੱਚ ਵਾਪਰੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਗਣੇਸ਼ ਪਾਤਰਾ ਵਜੋਂ ਹੋਈ ਹੈ। ਪਾਤਰਾ ਦੀ ਪਤਨੀ ਬਸੰਤੀ ਪਾਤਰਾ (23) ਨਾਲ ਝਗੜਾ ਹੋ ਗਿਆ ਸੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ 2020 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੀ ਇੱਕ ਦੋ ਸਾਲ ਦੀ ਬੇਟੀ ਸੀ।
ਇੱਕ ਪੁਲਿਸ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਮੁਜ਼ਲਮ ਨੇ ਕਥਿਤ ਤੌਰ 'ਤੇ ਸਪੇਰੇ ਤੋਂ ਇੱਕ ਸੱਪ ਖਰੀਦਿਆ ਸੀ ਅਤੇ ਉਸਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਸੀ ਕਿ ਉਹ ਸੱਪ ਦੀ ਵਰਤੋਂ ਧਾਰਮਿਕ ਉਦੇਸ਼ਾਂ ਲਈ ਕਰੇਗਾ। ਅਧਿਕਾਰੀ ਨੇ ਦੱਸਿਆ ਕਿ ਪਿਛਲੇ ਮਹੀਨੇ 6 ਅਕਤੂਬਰ ਨੂੰ ਉਹ ਪਲਾਸਟਿਕ ਦੇ ਜਾਰ 'ਚ ਕੋਬਰਾ ਸੱਪ ਲਿਆਇਆ ਅਤੇ ਉਸ ਕਮਰੇ 'ਚ ਛੱਡ ਦਿੱਤਾ, ਜਿੱਥੇ ਉਸ ਦੀ ਪਤਨੀ ਅਤੇ ਬੇਟੀ ਸੁੱਤੀਆਂ ਸਨ। ਉਸ ਨੇ ਦੱਸਿਆ ਕਿ ਅਗਲੀ ਸਵੇਰ ਦੋਵੇਂ ਸੱਪ ਦੇ ਡੰਗਣ ਕਾਰਨ ਮਰੇ ਹੋਏ ਪਾਏ ਗਏ, ਜਦੋਂ ਕਿ ਮੁਲਜ਼ਮ ਪਾਤਰਾ ਦੂਜੇ ਕਮਰੇ ਵਿਚ ਸੌਂ ਰਿਹਾ ਸੀ।
ਗੰਜਮ ਜ਼ਿਲੇ ਦੇ ਪੁਲਿਸ ਸੁਪਰਡੈਂਟ ਜਗਮੋਹਨ ਮੀਨਾ ਨੇ ਦੱਸਿਆ ਕਿ ਪੁਲਿਸ ਨੇ ਸ਼ੁਰੂਆਤ 'ਚ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਸੀ, ਪਰ ਨੌਜਵਾਨ ਦੇ ਸਹੁਰੇ ਵੱਲੋਂ ਉਸ ਖਿਲਾਫ ਐੱਫ.ਆਈ.ਆਰ ਦਰਜ ਕਰਨ ਤੋਂ ਬਾਅਦ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਗਈ।
ਪੁਲਿਸ ਸੁਪਰਡੈਂਟ ਨੇ ਕਿਹਾ ਕਿ ਮੁਲਜ਼ਮ ਨੂੰ ਘਟਨਾ ਤੋਂ ਇੱਕ ਮਹੀਨੇ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਸਦੇ ਖਿਲਾਫ ਸਬੂਤ ਇਕੱਠੇ ਕਰਨ ਵਿੱਚ ਕੁਝ ਦੇਰੀ ਹੋਈ ਸੀ। ਪੁੱਛਗਿੱਛ ਦੌਰਾਨ ਉਸ ਨੇ ਸ਼ੁਰੂ ਵਿਚ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਸੱਪ ਆਪਣੇ ਆਪ ਕਮਰੇ ਵਿਚ ਦਾਖਲ ਹੋ ਸਕਦਾ ਹੈ। ਹਾਲਾਂਕਿ ਉਸਨੇ ਬਾਅਦ ਵਿੱਚ ਜੁਰਮ ਕਬੂਲ ਕਰ ਲਿਆ।
ਇਹ ਵੀ ਪੜ੍ਹੋ: ਕਿਸਾਨਾਂ ਨੇ ਜਲੰਧਰ 'ਚ ਰੇਲਵੇ ਟ੍ਰੈਕ ਕੀਤਾ ਖਾਲੀ, CM ਨਾਲ ਕਿਸਾਨਾਂ ਦੀ ਮੀਟਿੰਗ ਹੋਈ ਸਮਾਪਤ
- PTC NEWS