Manjinder Singh Lalpura : ਪੰਜਾਬ 'ਚ ਇੱਕ ਹੋਰ ਜ਼ਿਮਨੀ ਚੋਣ ਹੋਣ ਦੇ ਆਸਾਰ, 28 ਅਕਤੂਬਰ ਨੂੰ ਹੋਵੇਗੀ ਲਾਲਪੁਰਾ ਮਾਮਲੇ ਦੀ ਸੁਣਵਾਈ
Manjinder Singh Lalpura : ਤਰਨਤਾਰਨ ਜ਼ਿਮਨੀ ਚੋਣ ਅਜੇ ਨਿਬੜੀ ਨਹੀਂ ਹੈ ਕਿ ਪੰਜਾਬ 'ਚ ਇੱਕ ਹੋਰ ਜ਼ਿਮਨੀ ਚੋਣ ਦੇ ਆਸਾਰ ਬਣਦੇ ਵਿਖਾਈ ਦੇ ਰਿਹਾ ਹੈ। ਆਮ ਆਦਮੀ ਪਾਰਟੀ ਪੰਜਾਬ (AAP Punjab) ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਦੇ ਹਲਕੇ ਖਡੂਰ ਸਾਹਿਬ (Khadoor Sahib Assembly) ਤੋਂ ਮੁੜ ਉਪ ਚੋਣ ਦੀਆਂ ਕਿਆਸਰਾਈਆਂ ਹਨ। ਦੱਸ ਦਈਏ ਕਿ ਵਿਧਾਇਕ ਨੂੰ ਤਰਨਤਾਰਨ ਅਦਾਲਤ ਵੱਲੋਂ 4 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਿਸ ਦੀ 28 ਅਕਤੂਬਰ ਨੂੰ ਮੰਗਲਵਾਰ ਪੰਜਾਬ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਵੇਗੀ।
ਸੂਤਰਾਂ ਅਨੁਸਾਰ, ਜੇਕਰ ਇਸ ਸੁਣਵਾਈ ਦੌਰਾਨ ਹਾਈਕੋਰਟ ਵੱਲੋਂ ਵਿਧਾਇਕ ਨੂੰ ਸਜ਼ਾ ਖਿਲਾਫ਼ ਸਟੇਅ ਨਹੀਂ ਮਿਲਦੀ ਹੈ ਤਾਂ ਉਹ ਵਿਧਾਇਕ ਵੱਜੋਂ ਅਯੋਗ ਕਰਾਰ ਹੋ ਜਾਣਗੇ। ਲਾਲਪੁਰਾ ਦੀ ਵਿਧਾਇਕ ਰਿਪ੍ਰੈਜ਼ੈਂਟੇਸ਼ਨ ਆਫ਼ ਦ ਪੀਪਲ ਐਕਟ 1951 ਦੀ ਧਾਰਾ 8(3) ਤਹਿਤ ਖੁੱਸ ਜਾਵੇਗੀ, ਜਿਸ ਪਿੱਛੋਂ ਖਡੂਰ ਸਾਹਿਬ ਸੀਟ ਖਾਲੀ ਹੋ ਜਾਵੇਗੀ।
ਦੱਸ ਦਈਏ ਕਿ ਪਿਛਲੀ ਸੁਣਵਾਈ ਦੌਰਾਨ ਲਾਲਪੁਰਾ ਦੇ ਵਕੀਲ ਨੇ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਸਜ਼ਾ 'ਤੇ ਰੋਕ ਨਹੀਂ ਲਗਾਈ ਜਾਂਦੀ, ਤਾਂ ਉਹ ਆਪਣੀ ਵਿਧਾਨ ਸਭਾ ਮੈਂਬਰਸ਼ਿਪ ਗੁਆ ਸਕਦੇ ਹਨ।
ਜ਼ਿਕਰਯੋਗ ਹੈ ਕਿ ਖਡੂਰ ਸਾਹਿਬ ਤੋਂ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨ ਤਾਰਨ ਦੀ ਅਦਾਲਤ ਨੇ 12 ਸਾਲ ਪੁਰਾਣੇ ਉਸਮਾ ਕਾਂਡ ਮਾਮਲੇ 'ਚ 4 ਸਾਲ ਦੀ ਸਜ਼ਾ ਸੁਣਾਈ ਸੀ। ਅਦਾਲਤ ਵੱਲੋਂ ਮਨਜਿੰਦਰ ਸਿੰਘ ਲਾਲਪੁਰਾ ਸਮੇਤ 10 ਲੋਕਾਂ ਨੂੰ ਸਜ਼ਾ ਸੁਣਾਈ ਗਈ ਸੀ, ਜਿਸ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਸਮੇਤ 7 ਲੋਕਾਂ ਨੂੰ 4 ਸਾਲ ਸਜ਼ਾ ਅਤੇ ਜੁਰਮਾਨਾ ਲਗਾਇਆ ਗਿਆ ਅਤੇ ਤਿੰਨ ਦੋਸ਼ੀਆਂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਸਬੰਧੀ 10 ਸਤੰਬਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 10 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਮੁਲਜ਼ਮਾਂ ਵਿੱਚ 6 ਪੁਲਿਸ ਕਰਮੀ ਵੀ ਸ਼ਾਮਲ ਹਨ, ਪਰ ਇੱਕ ਪੁਲੀਸ ਕਰਮੀ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਗਈ ਸੀ।
ਮਾਮਲੇ ਵਿੱਚ 10 ਸਤੰਬਰ ਨੂੰ ਤਰਨਤਾਰਨ ਦੀ ਇੱਕ ਅਦਾਲਤ ਨੇ ਇਸ ਮਾਮਲੇ ਵਿੱਚ ਵਿਧਾਇਕ ਲਾਲਪੁਰਾ ਨੂੰ ਦੋਸ਼ੀ ਠਹਿਰਾਇਆ ਅਤੇ ਉਸਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਲਾਲਪੁਰਾ ਨੇ ਹੁਣ ਇਸ ਸਜ਼ਾ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਹਾਈ ਕੋਰਟਹੁਣ 28 ਅਕਤੂਬਰ ਨੂੰ ਉਨ੍ਹਾਂ ਦੀ ਸਜ਼ਾ 'ਤੇ ਰੋਕ ਲਗਾਉਣ ਦੀ ਪਟੀਸ਼ਨ 'ਤੇ ਸੁਣਵਾਈ ਕਰੇਗਾ।
- PTC NEWS