Manoranjan Kalia ਦੇ ਘਰ ’ਤੇ ਗ੍ਰੇਨੇਡ ਹਮਲਾ, ਚਾਰ ਮੁਲਜ਼ਮਾਂ ਦੀ NIA ਦੀ ਅਦਲਾਤ 'ਚ ਵੀਡੀਓ ਕਾਨਫਰੰਸ ਰਾਹੀਂ ਹੋਈ ਪੇਸ਼ੀ
Manoranjan Kalia Grenade attack Case : ਜਲੰਧਰ 'ਚ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਘਰ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ 'ਚ ਮੁਲਜ਼ਮਾਂ ਦੀ ਐਨਆਈਏ ਦੀ ਅਦਲਾਤ 'ਚ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਹੋਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 10 ਨਵੰਬਰ ਨੂੰ ਹੋਵੇਗੀ। ਇਹ ਗ੍ਰੇਨੇਡ ਹਮਲਾ ਇਸ ਸਾਲ 7 ਅਪਰੈਲ ਦੀ ਰਾਤ ਨੂੰ ਜਲੰਧਰ ਵਿਚ ਹੋਇਆ ਸੀ।
ਦਰਅਸਲ 'ਚ ਕੌਮੀ ਜਾਂਚ ਏਜੰਸੀ (NIA) ਨੇ ਪੰਜਾਬ ਦੇ ਸਾਬਕਾ ਮੰਤਰੀ ਤੇ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਉੱਤੇ ਹੋਏ ਗ੍ਰੇਨੇੇਡ ਹਮਲੇ ਦੇ ਮਾਮਲੇ ਵਿਚ ਬੀਤੇ ਦਿਨੀਂ ਚਾਰ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਚਾਰਜਸ਼ੀਟ ਵਿਚ ਦੋ ਗ੍ਰਿਫਤਾਰ ਮੁਲਜ਼ਮਾਂ ਅਮਰੋਹਾ (ਯੂਪੀ) ਦੇ ਸੈਦੁਲ ਅਮੀਨ ਤੇ ਕਰੂਕਸ਼ੇਤਰ (ਹਰਿਆਣਾ) ਦੇ ਅਭਿਜੋਤ ਜਾਂਗੜਾ ਅਤੇ ਦੋ ਭਗੌੜਿਆਂ ਯਮੁਨਾਨਗਰ ਦੇ ਕੁਲਬੀਰ ਸਿੰਘ ਸਿੱਧੂ ਤੇ ਕਰਨਾਲ ਦੇ ਮਨੀਸ਼ ਉਰਫ਼ ਕਾਕਾ ਰਾਣਾ ਦੇ ਨਾਮ ਸ਼ਾਮਲ ਹਨ।
ਸਾਰਿਆਂ ਖਿਲਾਫ਼ ਯੂਏਪੀਏ, ਬੀਐੱਨਐੱਸ ਤੇ ਧਮਾਕਾਖੇਜ਼ ਸਮੱਗਰੀ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਨਆਈਏ ਦੀ ਜਾਂਚ ਵਿੱਚ ਕਿਹਾ ਗਿਆ ਹੈ ਕਿ ਹਮਲਾ ਇੱਕ ਅੱਤਵਾਦੀ ਸਾਜ਼ਿਸ਼ ਦਾ ਹਿੱਸਾ ਸੀ
ਦੱਸ ਦੇਈਏ ਕਿ 7 ਅਪਰੈਲ ਦੀ ਰਾਤ ਨੂੰ ਜਲੰਧਰ ਵਿਚ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ ਧਮਾਕਾ ਹੋ ਗਿਆ ਸੀ। ਇਹ ਧਮਾਕਾ ਹੈਂਡ ਗ੍ਰੇਨੇਡ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਧਮਾਕੇ ਤੋਂ ਬਾਅਦ ਘਰ ਦੇ ਅੰਦਰ ਸ਼ੀਸ਼ਿਆਂ ਦੇ ਟੁੱਟਣ ਤੋਂ ਲੈ ਕੇ ਬਾਹਰ ਪਈਆਂ ਚੀਜ਼ਾਂ ਖਿੱਲਰ ਗਈਆਂ। ਜ਼ਿਕਰਯੋਗ ਹੈ ਕਿ ਮਨੋਰੰਜਨ ਕਾਲੀਆ ਦਾ ਘਰ ਥਾਣੇ ਤੋਂ ਸਿਰਫ 100 ਮੀਟਰ ਦੀ ਦੂਰੀ ’ਤੇ ਹੀ ਹੈ।
ਮਨੋਰੰਜਨ ਕਾਲੀਆ ਨੇ ਇਸ ਨੂੰ ਇਕ ਯੋਜਨਾਬੱਧ ਹਮਲਾ ਦੱਸਿਆ। ਉਨ੍ਹਾਂ ਦੱਸਿਆ ਕਿ ਉਹ ਰਾਤ ਤਕਰੀਬਨ 12.30 ਵਜੇ ਆਪਣੇ ਪਰਿਵਾਰ ਨਾਲ ਘਰ ’ਚ ਸੀ। ਬਾਹਰਲੀਆਂ ਲਾਈਟਾਂ ਬੰਦ ਸਨ ਅਤੇ ਇਸੇ ਦੌਰਾਨ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਦੇ ਨਾਲ-ਨਾਲ ਭੰਨਤੋੜ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ, ਜਿਸ ਤੋਂ ਬਾਅਦ ਜਦੋਂ ਉਹ ਬਾਹਰ ਆਏ ਤਾਂ ਦੇਖਿਆ ਕਿ ਦਰਵਾਜ਼ਿਆਂ ਸਣੇ ਅੰਦਰ ਖੜ੍ਹੀ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ।
- PTC NEWS