Trump Targets Samsung : Apple ਮਗਰੋਂ ਟਰੰਪ ਨੇ Samsung ਨੂੰ ਵੀ ਦਿੱਤੀ ਧਮਕੀ, ਕਿਹਾ- ਭਾਰਤ ਵਿੱਚ ਨਹੀਂ, ਅਮਰੀਕਾ ’ਚ ਬਣਾਓ ਸਮਾਰਟਫੋਨ
Trump Targets Samsung : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਈਫੋਨ ਨਿਰਮਾਤਾ ਐਪਲ ਦੇ ਨਾਲ-ਨਾਲ ਸੈਮਸੰਗ ਨੂੰ ਵੀ ਸਖ਼ਤ ਚੇਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਇਹ ਕੰਪਨੀਆਂ ਅਮਰੀਕਾ ਵਿੱਚ ਆਪਣੇ ਸਮਾਰਟਫੋਨ ਨਹੀਂ ਬਣਾਉਂਦੀਆਂ, ਤਾਂ ਉਨ੍ਹਾਂ ਨੂੰ 25% ਆਯਾਤ ਡਿਊਟੀ (ਟੈਰਿਫ) ਦਾ ਸਾਹਮਣਾ ਕਰਨਾ ਪਵੇਗਾ।
ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਰੰਪ ਨੇ ਸਪੱਸ਼ਟ ਕੀਤਾ, "ਇਹ ਸਿਰਫ਼ ਐਪਲ ਤੱਕ ਸੀਮਤ ਨਹੀਂ ਹੈ। ਇਹ ਸੈਮਸੰਗ ਅਤੇ ਅਮਰੀਕਾ ਵਿੱਚ ਫ਼ੋਨ ਵੇਚਣ ਵਾਲੀ ਕਿਸੇ ਵੀ ਕੰਪਨੀ 'ਤੇ ਲਾਗੂ ਹੋਵੇਗਾ। ਜੇਕਰ ਉਹ ਅਮਰੀਕਾ ਵਿੱਚ ਫੈਕਟਰੀ ਸਥਾਪਤ ਕਰਦੇ ਹਨ, ਤਾਂ ਕੋਈ ਟੈਰਿਫ ਨਹੀਂ ਹੋਵੇਗਾ। ਪਰ ਜੇਕਰ ਉਹ ਅਜਿਹਾ ਨਹੀਂ ਕਰਦੇ, ਤਾਂ ਉਨ੍ਹਾਂ ਨੂੰ 25% ਟੈਕਸ ਦੇਣਾ ਪਵੇਗਾ। ਨਹੀਂ ਤਾਂ, ਇਹ ਨਿਰਪੱਖ ਨਹੀਂ ਹੋਵੇਗਾ।"
ਟਰੰਪ ਨੇ ਟਰੂਥ ਸੋਸ਼ਲ 'ਤੇ ਪੋਸਟ ਕੀਤਾ ਅਤੇ ਕਿਹਾ ਕਿ ਮੈਂ ਐਪਲ ਦੇ ਸੀਈਓ ਟਿਮ ਕੁੱਕ ਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਅਮਰੀਕਾ ਵਿੱਚ ਵਿਕਣ ਵਾਲੇ ਆਈਫੋਨ ਇੱਥੇ ਬਣਾਏ ਜਾਣੇ ਚਾਹੀਦੇ ਹਨ। ਭਾਰਤ ਜਾਂ ਕਿਸੇ ਹੋਰ ਦੇਸ਼ ਵਿੱਚ ਨਹੀਂ। ਜੇਕਰ ਅਜਿਹਾ ਨਹੀਂ ਹੁੰਦਾ ਹੈ, ਤਾਂ ਐਪਲ ਨੂੰ ਅਮਰੀਕਾ ਵਿੱਚ ਘੱਟੋ-ਘੱਟ 25% ਟੈਕਸ ਦੇਣਾ ਪਵੇਗਾ। ਪੋਸਟ ਤੋਂ ਥੋੜ੍ਹੀ ਦੇਰ ਬਾਅਦ ਹੀ ਐਪਲ ਦੇ ਸ਼ੇਅਰ 2.6% ਡਿੱਗ ਗਏ, ਜਿਸ ਨਾਲ ਕੰਪਨੀ ਦੇ ਮਾਰਕੀਟ ਕੈਪ ਵਿੱਚੋਂ $70 ਬਿਲੀਅਨ ਦਾ ਨੁਕਸਾਨ ਹੋ ਗਿਆ।
ਐਪਲ ਇਸ ਸਮੇਂ ਆਪਣੇ ਆਈਫੋਨ ਨਿਰਮਾਣ ਨੂੰ ਚੀਨ ਤੋਂ ਭਾਰਤ ਤਬਦੀਲ ਕਰ ਰਿਹਾ ਹੈ। ਹਾਲ ਹੀ ਵਿੱਚ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਵਿਕਣ ਵਾਲੇ ਜ਼ਿਆਦਾਤਰ ਆਈਫੋਨਾਂ ਦਾ 'ਮੂਲ ਦੇਸ਼' ਹੁਣ ਭਾਰਤ ਹੋਵੇਗਾ, ਚੀਨ ਨਹੀਂ। ਇਹ ਅਮਰੀਕਾ-ਚੀਨ ਵਪਾਰ ਯੁੱਧ ਦੇ ਪਿਛੋਕੜ ਵਿੱਚ ਇੱਕ ਰਣਨੀਤਕ ਕਦਮ ਸੀ।
ਸੈਮਸੰਗ ਦੀ ਸਥਿਤੀ ਥੋੜ੍ਹੀ ਵੱਖਰੀ ਹੈ। ਕੰਪਨੀ ਨੇ 2019 ਵਿੱਚ ਚੀਨ ਵਿੱਚ ਆਪਣਾ ਆਖਰੀ ਫੋਨ ਨਿਰਮਾਣ ਪਲਾਂਟ ਬੰਦ ਕਰ ਦਿੱਤਾ ਸੀ। ਮੌਜੂਦਾ ਸਮੇਂ ਵਿੱਚ ਸੈਮਸੰਗ ਸਮਾਰਟਫੋਨ ਭਾਰਤ, ਦੱਖਣੀ ਕੋਰੀਆ, ਵੀਅਤਨਾਮ ਅਤੇ ਬ੍ਰਾਜ਼ੀਲ ਵਿੱਚ ਬਣਾਏ ਜਾਂਦੇ ਹਨ। ਸੈਮਸੰਗ ਚੀਨ 'ਤੇ ਨਿਰਭਰ ਨਹੀਂ ਹੈ, ਫਿਰ ਵੀ ਟਰੰਪ ਦੇ ਅਨੁਸਾਰ, ਸਿਰਫ਼ ਅਮਰੀਕਾ ਵਿੱਚ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਨੂੰ ਹੀ ਟੈਰਿਫ ਤੋਂ ਛੋਟ ਮਿਲੇਗੀ।
ਇਹ ਵੀ ਪੜ੍ਹੋ : Donald Trump threatens Apple : ਡੋਨਾਲਡ ਟਰੰਪ ਨੇ ਐਪਲ ਨੂੰ ਦਿੱਤੀ ਧਮਕੀ ,ਕਿਹਾ- ਜੇਕਰ ਭਾਰਤ 'ਚ iPhone ਬਣਾਏ ਤਾਂ ਲਗਾਵਾਂਗਾ 25% ਟੈਰਿਫ
- PTC NEWS