Amritsar News : ਵਿਦੇਸ਼ ਭੇਜਣ ਦੇ ਨਾਂ 'ਤੇ ਏਜੰਟ ਵੱਲੋਂ ਲੱਖਾਂ ਰੁਪਏ ਦੀ ਠੱਗੀ, ਦਫ਼ਤਰ ਛੱਡ ਕੇ ਭੱਜੇ ਏਜੰਟ ,ਲੋਕਾਂ ਕਰਮਚਾਰੀਆਂ ਨੂੰ ਫੜਿਆ
Amritsar News : ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵਨਿਊ ਦੇ ਅਧੀਨ ਆਉਣ ਵਾਲੇ ਇਲਾਕਿਆਂ ਵਿੱਚ ਵਿਦੇਸ਼ ਭੇਜਣ ਦੇ ਨਾਂ 'ਤੇ ਇੱਕ ਏਜੰਟ ਵੱਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਠੱਗੀ ਬਠਿੰਡਾ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਬਾਅਦ ਸਾਹਮਣੇ ਆਈ ਹੈ।
ਸ਼ਿਕਾਇਤਕਰਤਾ ਮੰਗਲਜੀਤ ਸਿੰਘ ਦੇ ਅਨੁਸਾਰ ਏਜੰਟ ਨੇ ਲੋਕਾਂ ਤੋਂ ਵਿਦੇਸ਼ ਭੇਜਣ ਦੀ ਗਾਰੰਟੀ ਦੇ ਕੇ ਲੱਖਾਂ ਰੁਪਏ ਹਾਸਲ ਕੀਤੇ ਪਰ ਨਾ ਤਾਂ ਕਿਸੇ ਨੂੰ ਵੀਜ਼ਾ ਮਿਲਿਆ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ। ਅੱਜ ਏਜੰਟ ਨੇ ਪੀੜਤਾਂ ਨੂੰ ਦਫਤਰ ਬੁਲਾਕੇ ਰਕਮ ਵਾਪਸ ਕਰਨ ਦਾ ਵਾਅਦਾ ਕੀਤਾ ਸੀ ਪਰ ਜਦੋਂ ਲੋਕ ਦਫਤਰ ਪਹੁੰਚੇ ਤਾਂ ਏਜੰਟ ਅਤੇ ਉੱਥੇ ਕੰਮ ਕਰਦੇ ਕਰਮਚਾਰੀ ਦਫਤਰ ਛੱਡ ਕੇ ਭੱਜ ਗਏ।
ਇਸ ਘਟਨਾ ਤੋਂ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਦਫਤਰ ਕਰਮਚਾਰੀਆਂ ਦਾ ਪਿੱਛਾ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਠਾਣਾ ਰਣਜੀਤ ਐਵਨਿਊ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਬਠਿੰਡਾ ਨਿਵਾਸੀ ਮੰਗਲਜੀਤ ਸਿੰਘ ਦੀ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਠੱਗੀ ਦੀ ਰਕਮ ਅਤੇ ਸ਼ਾਮਿਲ ਲੋਕਾਂ ਦੀ ਗਿਣਤੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- PTC NEWS