Faridkot News : ਫਰੀਦਕੋਟ ਦਾ ਫੌਜੀ ਜਵਾਨ ਜੰਮੂ-ਕਸ਼ਮੀਰ 'ਚ ਹੋਇਆ ਸ਼ਹੀਦ, 2 ਸਾਲ ਪਹਿਲਾਂ ਅਗਨੀਵੀਰ ਤਹਿਤ ਭਾਰਤੀ ਫੌਜ 'ਚ ਹੋਇਆ ਸੀ ਭਰਤੀ
Faridkot News : ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਠੇ ਚਹਿਲ ਦਾ ਰਹਿਣ ਵਾਲਾ ਫੌਜੀ ਜਵਾਨ ਅਕਾਸ਼ਦੀਪ ਸਿੰਘ ਡਿਉਟੀ ਦੌਰਾਨ ਸਿਰ ਵਿਚ ਗੋਲੀ ਲੱਗਣ ਨਾਲ ਜੰਮੂ ਕਸ਼ਮੀਰ 'ਚ ਸ਼ਹੀਦ ਹੋ ਗਿਆ ਹੈ। ਅਕਾਸ਼ਦੀਪ ਸਿੰਘ ਭਾਰਤੀ ਫੌਜ ਵਿਚ ਕਰੀਬ ਪੌਣੇ 2 ਸਾਲ ਪਹਿਲਾਂ ਅਗਨੀਵੀਰ ਵਜੋਂ ਭਰਤੀ ਹੋਇਆ ਸੀ। ਅਕਾਸ਼ਦੀਪ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਜਿਵੇਂ ਹੀ ਉਸ ਦੇ ਪਰਿਵਾਰ ਕੋਲ ਪਹੁੰਚੀ ਤਾਂ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਕੋਠੇ ਚਹਿਲ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦਾ ਨੌਜਵਾਨ ਲੜਕਾ ਅਕਾਸ਼ਦੀਪ ਸਿੰਘ ਜੋ ਕਰੀਬ ਪੌਣੇ 2 ਸਾਲ ਪਹਿਲਾਂ ਅਗਨੀਵੀਰ ਵਜੋਂ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਇਹਨੀ ਦਿਨੀ ਜੰਮੂ ਕਸ਼ਮੀਰ ਵਿੱਚ ਤੈਨਾਤ ਸੀ। ਜਿਸ ਦੇ ਸਿਰ ਵਿਚ ਗੋਲੀ ਲੱਗਣ ਨਾਲ ਸ਼ਹੀਦ ਹੋਣ ਦੀ ਖ਼ਬਰ ਪਰਿਵਾਰ ਨੂੰ ਫੋਨ 'ਤੇ ਮਿਲੀ। ਅਗਨੀਵੀਰ ਬੀਤੀ 27 ਅਪ੍ਰੈਲ ਨੂੰ ਹੀ ਛੁੱਟੀ ਕੱਟ ਕੇ ਵਾਪਸ ਡਿਉਟੀ 'ਤੇ ਗਿਆ ਸੀ।
ਦੱਸਿਆ ਜਾਂਦਾ ਹੈ ਕਿ ਬਲਵਿੰਦਰ ਸਿੰਘ ਦੇ 2 ਲੜਕੇ ਸਨ ਅਤੇ ਸ਼ਹੀਦ ਫੌਜੀ ਜਵਾਨ ਆਪਣੇ ਪਿੱਛੇ ਭਰਾ ਅਤੇ ਮਾਤਾ ਪਿਤਾ ਨੂੰ ਛੱਡ ਗਿਆ ਹੈ। ਇਸ ਮੌਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਸ਼ਹੀਦ ਅਗਨੀਵੀਰ ਜਵਾਨ ਦੇ ਘਰ ਪਹੁੰਚੇ। ਇਸ ਮੌਕੇ ਉਹਨਾਂ ਨੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਇਸ ਮੌਕੇ ਗੱਲਬਾਤ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਬਹੁਤ ਦੁਖਦ ਹੁੰਦਾ, ਜਦੋਂ ਜਵਾਨ ਪੁੱਤ ਘਰੋਂ ਤੁਰ ਜਾਣ, ਉਹਨਾਂ ਕਿਹਾ ਇਸ ਦੁੱਖ ਦੀ ਘੜੀ ਵਿਚ ਅਸੀਂ ਉਹਨਾਂ ਦੇ ਨਾਲ ਹਾਂ। ਸਰਕਾਰ ਵਲੋਂ ਕਿਸੇ ਤਰਾਂ ਦੀ ਮਦਦ ਕੀਤੇ ਜਾਣ ਦੇ ਸਵਾਲ 'ਤੇ ਉਹਨਾਂ ਕਿਹਾ ਕਿ ਅਰਮੀਂ ਵੱਲੋਂ ਜੋ ਵੀ ਗਾਈਡਲਾਈਨ ਮਿਲਣਗੀਆਂ ,ਉਸੇ ਮੁਤਾਬਿਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
- PTC NEWS