Air India ਜਹਾਜ਼ ਹਾਦਸੇ ਦੀ ਜਾਂਚ 'ਚ ਵੱਡੀ ਸਫਲਤਾ, ਬਲੈਕ ਬਾਕਸ ਮੈਮੋਰੀ ਹੋਈ ਐਕਸੈਸ, ਡਾਟਾ ਕੱਢਣ ਦੀ ਪ੍ਰਕਿਰਿਆ ਸ਼ੁਰੂ
Air India plane crash : ਏਅਰ ਇੰਡੀਆ ਦੀ ਉਡਾਣ 12 ਜੂਨ ਨੂੰ ਅਹਿਮਦਾਬਾਦ ਵਿੱਚ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਈ ਸੀ। ਇਸ ਹਾਦਸੇ ਦੀ ਜਾਂਚ ਕਰ ਰਹੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੂੰ ਵੱਡੀ ਸਫਲਤਾ ਮਿਲੀ ਹੈ। ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਜਹਾਜ਼ ਦੇ ਬਲੈਕ ਬਾਕਸ ਤੋਂ ਕਾਕਪਿਟ ਵੌਇਸ ਰਿਕਾਰਡਰ (CVR) ਅਤੇ ਫਲਾਈਟ ਡੇਟਾ ਰਿਕਾਰਡਰ (FDR) ਨੂੰ ਸੁਰੱਖਿਅਤ ਢੰਗ ਨਾਲ ਕੱਢ ਲਿਆ ਹੈ, ਉਸ ਦਾ ਡੇਟਾ ਡਾਊਨਲੋਡ ਕਰ ਲਿਆ ਗਿਆ ਹੈ ਅਤੇ ਹੁਣ ਉਨ੍ਹਾਂ ਦਾ ਵਿਸ਼ਲੇਸ਼ਣ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਦੋਵੇਂ ਰਿਕਾਰਡਰ ਜਹਾਜ਼ ਹਾਦਸਿਆਂ ਦੀ ਜਾਂਚ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਬਲੈਕ ਬਾਕਸ ਵਿੱਚੋਂ ਕੀ ਮਿਲਿਆ ?
ਬਲੈਕ ਬਾਕਸ ਨੂੰ 24 ਜੂਨ ਨੂੰ ਅਹਿਮਦਾਬਾਦ ਤੋਂ ਦਿੱਲੀ ਲਿਆਂਦਾ ਗਿਆ ਸੀ, ਜਿੱਥੇ ਇਸਨੂੰ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੀ ਪ੍ਰਯੋਗਸ਼ਾਲਾ ਵਿੱਚ ਖੋਲ੍ਹਿਆ ਗਿਆ ਸੀ। ਇਸ ਤੋਂ ਬਾਅਦ ਕਰੈਸ਼ ਪ੍ਰੋਟੈਕਸ਼ਨ ਮੋਡੀਊਲ (CPM) ਨੂੰ ਸੁਰੱਖਿਅਤ ਢੰਗ ਨਾਲ ਕੱਢਿਆ ਗਿਆ। ਇਸਦੀ ਮੈਮੋਰੀ ਨੂੰ ਸਫਲਤਾਪੂਰਵਕ ਐਕਸੈਸ ਕੀਤਾ ਗਿਆ ਅਤੇ ਡੇਟਾ ਡਾਊਨਲੋਡ ਕੀਤਾ ਗਿਆ।
ਦੱਸ ਦੇਈਏ ਕਿ ਇਸ ਹਾਦਸੇ ਵਿੱਚ 275 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਜਹਾਜ਼ ਵਿੱਚ ਸਵਾਰ 242 ਲੋਕਾਂ ਵਿੱਚੋਂ 241 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਸਿਰਫ਼ ਇੱਕ ਵਿਅਕਤੀ ਵਿਸ਼ਵਾਸ ਕੁਮਾਰ ਰਮੇਸ਼ ਜਹਾਜ਼ ਹਾਦਸੇ ਤੋਂ ਬਚ ਸਕਿਆ।
CVR ਅਤੇ FDR ਕੀ ਹੈ?
CVR (ਕਾਕਪਿਟ ਵੌਇਸ ਰਿਕਾਰਡਰ) ਹੁੰਦਾ ਹੈ, ਇਹ ਪਾਇਲਟਾਂ ਦੀ ਗੱਲਬਾਤ ਅਤੇ ਕਾਕਪਿਟ ਦੀਆਂ ਆਵਾਜ਼ਾਂ ਨੂੰ ਰਿਕਾਰਡ ਕਰਦਾ ਹੈ, ਜਿਸਦੀ ਵਰਤੋਂ ਇਹ ਪਤਾ ਲਗਾਉਣ ਲਈ ਕੀਤੀ ਜਾ ਸਕਦੀ ਹੈ ਕਿ ਹਾਦਸੇ ਤੋਂ ਠੀਕ ਪਹਿਲਾਂ ਸਥਿਤੀ ਕੀ ਸੀ।
ਕੀ ਹੈ FDR ?
FDR (ਫਲਾਈਟ ਡੇਟਾ ਰਿਕਾਰਡਰ) ਹੁੰਦਾ ਹੈ, ਇਹ ਜਹਾਜ਼ ਦੀ ਗਤੀ, ਉਚਾਈ, ਇੰਜਣ ਦੀ ਸਥਿਤੀ, ਦਿਸ਼ਾ ਅਤੇ ਹੋਰ ਤਕਨੀਕੀ ਜਾਣਕਾਰੀ ਨੂੰ ਰਿਕਾਰਡ ਕਰਦਾ ਹੈ।
ਜਾਂਚ ਦਾ ਉਦੇਸ਼ ਕੀ ਹੈ?
- ਸੀਵੀਆਰ ਅਤੇ ਐਫਡੀਆਰ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਹਾਦਸੇ ਤੋਂ ਪਹਿਲਾਂ ਦੀਆਂ ਘਟਨਾਵਾਂ ਦੇ ਪੂਰੇ ਕ੍ਰਮ ਨੂੰ ਦੁਬਾਰਾ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
- ਵਿਸ਼ਲੇਸ਼ਣ ਇਹ ਨਿਰਧਾਰਤ ਕਰੇਗਾ ਕਿ ਕੀ ਹਾਦਸੇ ਪਿੱਛੇ ਤਕਨੀਕੀ ਨੁਕਸ, ਪਾਇਲਟ ਦੀ ਗਲਤੀ ਜਾਂ ਕੋਈ ਬਾਹਰੀ ਕਾਰਨ ਸੀ।
- ਇਸਦਾ ਉਦੇਸ਼ ਹਵਾਈ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਹੈ।
- PTC NEWS