Faridkot News : ਭੱਠੇ 'ਤੇ ਕੰਮ ਕਰਨ ਵਾਲਾ ਮੁੰਡਾ ਬਣਿਆ ਭਾਰਤੀ ਸੈਨਾ 'ਚ ਲੈਫਟੀਨੈਂਟ ,ਕਦੇ ਸਕੂਲ ਦੀ ਫ਼ੀਸ ਭਰਨ ਲਈ ਵੀ ਪੈਸੇ ਨਹੀਂ ਹੁੰਦੇ ਸੀ
Faridkot News : ਕਹਿੰਦੇ ਨੇ ਕਿ ਇਨਸਾਨ ਵਿੱਚ ਜੇਕਰ ਕੁਝ ਵੱਖਰਾ ਕਰਨ ਦਾ ਜਨੂੰਨ ਹੋਵੇ ਤਾਂ ਕੋਈ ਵੀ ਔਕੜ ਉਸਨੂੰ ਰੋਕ ਨਹੀਂ ਸਕਦੀ, ਅਜਿਹਾ ਕੁਝ ਕਰ ਵਿਖਾਇਆ ਹੈ ਫਰੀਦਕੋਟ ਦੇ ਪਿੰਡ ਕੋਟ ਸੁਖੀਆ ਦੇ ਰਹਿਣ ਵਾਲੇ ਆਕਾਸ਼ ਦੇਵ ਨੇ। ਆਕਾਸ਼ਦੀਪ ਨੇ ਕਦੇ ਝੋਨਾ ਲਾਇਆ ਅਤੇ ਕਦੇ ਭੱਠਿਆਂ ਤੇ ਕੰਮ ਕੀਤਾ ਅਤੇ ਕਈ ਵਾਰ ਤਾਂ ਮੰਡੀਆਂ ਵਿੱਚ ਵੀ ਸੀਜਨ ਲਾਏ। ਉਸਦਾ ਪੂਰਾ ਪਰਿਵਾਰ ਮਿਹਨਤ ਮਜ਼ਦੂਰੀ ਨਾਲ ਜੁੜਿਆ ਹੋਇਆ ਅਤੇ ਕਈ ਵਾਰ ਤਾਂ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੇ ਇਸ ਬੱਚੇ ਕੋਲ ਸਕੂਲ ਦੀ ਫੀਸ ਦੇ ਪੈਸੇ ਤੱਕ ਨਹੀਂ ਹੁੰਦੇ ਸੀ ਅਤੇ ਸਕੂਲ ਦੇ ਟੀਚਰ ਉਸ ਦੀ ਫੀਸ ਭਰਦੇ ਸੀ ਕਿਉਂਕਿ ਆਕਾਸ਼ਦੀਪ ਵਿੱਚ ਸ਼ੁਰੂ ਤੋਂ ਹੀ ਕੁਝ ਵੱਖਰਾ ਕਰਨ ਦਾ ਜਨੂਨ ਸੀ।
ਇਸ ਜਾਨੂੰਨ ਕਰਕੇ ਹੀ ਆਕਾਸ਼ਦੀਪ ਪਹਿਲਾਂ ਭਾਰਤੀ ਹਵਾਈ ਸੈਨਾ ਵਿੱਚ ਬਤੌਰ ਹੌਲਦਾਰ ਭਰਤੀ ਹੋਇਆ ਸੀ ਅਤੇ ਹੁਣ ਭਾਰਤੀ ਸੈਨਾ 'ਚ ਲੈਫਟੀਨੈਂਟ ਬਣ ਗਿਆ ਹੈ। ਆਕਾਸ਼ਦੀਪ ਨੌਕਰੀ ਕਰਦਿਆਂ ਜਦੋਂ ਵੀ ਛੁੱਟੀ ਆਉਂਦਾ ਤਾਂ ਆਪਣੇ ਘਰ ਵਿੱਚ ਇੱਕ ਜਾਂ ਦੋ ਦਿਨ ਰਹਿੰਦਾ ਅਤੇ ਫ਼ਿਰ ਆਪਣੀ ਤਿਆਰੀ ਕਰਨ ਲਈ ਚੰਡੀਗੜ੍ਹ ਚਲਾ ਜਾਂਦਾ ਸੀ। ਇਸ ਮਿਹਨਤ ਦੌਰਾਨ ਜਦੋਂ ਉਹ ਸਮਾਂ ਆਇਆ ਤਾਂ ਪੂਰੇ ਪਰਿਵਾਰ ਦੇ ਖੁਸ਼ੀ ਵਿੱਚ ਧਰਤੀ 'ਤੇ ਪੈਰ ਨਹੀਂ ਲੱਗ ਰਹੇ ਸੀ ਕਿਉਂਕਿ ਹੁਣ ਆਕਾਸ਼ਦੀਪ ਇੱਕ ਸਿਪਾਹੀ ਤੋਂ ਲੈਫਟੀਨੈਂਟ ਬਣ ਗਿਆ ਸੀ। ਜਿਵੇਂ ਹੀ ਇਹ ਖ਼ਬਰ ਪੂਰੇ ਇਲਾਕੇ ਵਿੱਚ ਫੈਲਦੀ ਹੈ ਤਾਂ ਹਰ ਕੋਈ ਪਰਿਵਾਰ ਦੇ ਘਰ ਵਧਾਈਆਂ ਦੇਣ ਲਈ ਪਹੁੰਚਣ ਲੱਗਾ।
ਇਸ ਦੌਰਾਨ ਆਕਾਸ਼ਦੀਪ ਦੇ ਪਿਤਾ ਹਾਕਮ ਸਿੰਘ ਨੇ ਦੱਸਿਆ ਕਿ ਆਕਾਸ਼ਦੀਪ ਹਮੇਸ਼ਾ ਮਿਹਨਤ ਕਰਨ ਵਾਲਾ ਬੱਚਾ ਹੈ ਅਤੇ ਉਹ ਖੁਦ ਵੀ ਭੱਠੇ 'ਤੇ ਕੰਮ ਕਰਦਾ ਰਿਹਾ ਅਤੇ ਆਕਾਸ਼ ਦੀ ਵੀ ਕਦੇ ਉਹਨਾਂ ਨਾਲ ਭੱਠੇ 'ਤੇ ਕੰਮ ਕਰਦਾ ਅਤੇ ਕਦੇ ਝੋਨਾ ਲਵਾਉਂਦਾ ਪਰ ਉਸਨੇ ਕਦੇ ਵੀ ਕਿਸੇ ਗੱਲ ਦਾ ਸ਼ਿਕਵਾ ਨਹੀਂ ਕੀਤਾ। ਅੱਜ ਉਹਨਾਂ ਦੇ ਪਰਿਵਾਰ ਵਿੱਚ ਖੁਸ਼ੀ ਆਈ ਹੈ ,ਜਿਸ ਦਾ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਉਹਨਾਂ ਨੇ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਹਰ ਪਰਿਵਾਰ ਵਿੱਚ ਬੱਚੇ ਇਸੇ ਤਰੀਕੇ ਨਾਲ ਕਾਮਯਾਬ ਹੋਣ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ।
ਇਸ ਦੇ ਨਾਲ ਹੀ ਆਕਾਸ਼ਦੀਪ ਦੀ ਭੈਣ ਨੇ ਕਿਹਾ ਕਿ ਉਹਨਾਂ ਦੋਵੇਂ ਭੈਣ ਭਰਾਵਾਂ ਨੇ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਪੜ੍ਹਾਈ ਕੀਤੀ ਹੈ ਹੈ ਅਤੇ ਜਦੋਂ ਵੀ ਉਸ ਦਾ ਭਰਾ ਆਵੇਗਾ ਤਾਂ ਉਹ ਆਪਣੇ ਭਰਾ ਦਾ ਜ਼ੋਰਦਾਰ ਤਰੀਕੇ ਨਾਲ ਸਵਾਗਤ ਕਰੇਗੀ ਅਤੇ ਸਭ ਤੋਂ ਪਹਿਲਾ ਸਲੂਟ ਉਹ ਆਪਣੇ ਭਰਾ ਆਕਾਸ਼ਦੀਪ ਨੂੰ ਮਾਰੇਗੀ। ਉਹਨਾਂ ਕਿਹਾ ਕੀ ਉਹ ਦੋਵੇਂ ਭੈਣ ਭਰਾ ਕਦੇ ਖੇਤਾਂ ਵਿੱਚ ਝੋਨਾ ਲਾਉਂਦੇ ਹੁੰਦੇ ਸੀ ਪਰ ਆਕਾਸ਼ਦੀਪ ਨੇ ਹਿੰਮਤ ਨਹੀਂ ਹਾਰੀ ਅਤੇ ਅੱਜ ਉਹ ਵੱਡਾ ਅਫਸਰ ਬਣ ਕੇ ਘਰ ਵਾਪਸ ਆ ਰਿਹਾ ਹੈ। ਜਿਸ ਦੀ ਉਹਨਾਂ ਨੂੰ ਬੇਹਦ ਜਿਆਦਾ ਖੁਸ਼ੀ ਹੋਵੇਗੀ।
ਇਸ ਦੇ ਨਾਲ ਹੀ ਆਕਾਸ਼ਦੀਪ ਦੀ ਮਾਤਾ ਨੇ ਕਿਹਾ ਕਿ ਉਹ ਬੇਹਦ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਹਮੇਸ਼ਾ ਮਿਹਨਤ ਮਜ਼ਦੂਰੀ ਕਰਕੇ ਉਹਨਾਂ ਨੇ ਆਪਣੇ ਘਰ ਦਾ ਗੁਜ਼ਾਰਾ ਚਲਾਇਆ। ਉਹਨਾਂ ਦੱਸਿਆ ਕਿ ਆਕਾਸ਼ਦੀਪ ਹੁਣ ਭਾਰਤੀ ਫੌਜ ਵਿੱਚ ਵੱਡਾ ਅਫਸਰ ਬਣ ਗਿਆ ਹੈ। ਜਿਸ ਦੀ ਉਹਨਾਂ ਨੂੰ ਬਹੁਤ ਖੁਸ਼ੀ ਹੈ ਉਹਨਾਂ ਕਿਹਾ ਕਿ ਰੋਜ਼ ਹੀ ਲੋਕ ਉਹਨਾਂ ਦੇ ਘਰੇ ਵਧਾਈ ਦੇਣ ਆ ਰਹੇ ਹਨ ਅਤੇ ਉਹਨਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇੱਕ ਗਰੀਬ ਘਰ ਦਾ ਮੁੰਡਾ ਵੱਡਾ ਅਫਸਰ ਬਣ ਗਿਆ ਹੈ। ਇਸ ਨੂੰ ਵੇਖ ਕੇ ਹੋਰ ਵੀ ਲੋਕ ਅੱਗੇ ਆਉਣਗੇ ਅਤੇ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਗੇ।
- PTC NEWS