All Eyes on Hindus : ਬੰਗਲਾਦੇਸ਼ 'ਚ ਹਿੰਦੂਆਂ ਦੀ ਹਾਲਤ 'ਤੇ ਅਮਰੀਕਾ ਵੀ ਸਖਤ, ਕਿਹਾ- 'ਅਸੀਂ ਕਰ ਰਹੇ ਹਾਂ ਨਿਗਰਾਨੀ '
All Eyes on Hindus : ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਹਿੰਦੂਆਂ ਦੇ ਘਰਾਂ ਦੇ ਨਾਲ-ਨਾਲ ਮੰਦਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਗੁਆਂਢੀ ਮੁਲਕ ਵਿੱਚ ਹੁਣ ਅੰਤਰਿਮ ਸਰਕਾਰ ਬਣ ਗਈ ਹੈ ਪਰ ਉਹ ਵੀ ਮੂਕ ਦਰਸ਼ਕ ਬਣ ਕੇ ਬੈਠੀ ਹੈ। ਦੂਜੇ ਪਾਸੇ ਇਸ ਮਾਮਲੇ ’ਤੇ ਦੇਸ਼ਾਂ ਵਿਦੇਸ਼ਾਂ ’ਚ ਚਰਚੇ ਹੋਣ ਲੱਗੇ ਹਨ।
ਦੱਸ ਦਈਏ ਕਿ ਅਮਰੀਕਾ ਨੇ ਬੰਗਲਾਦੇਸ਼ 'ਚ ਹਿੰਦੂਆਂ ਖਿਲਾਫ ਚੱਲ ਰਹੀ ਹਿੰਸਾ 'ਤੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਸੀਂ ਪੂਰੀ ਚੌਕਸੀ ਰੱਖਾਂਗੇ। ਅਮਰੀਕੀ ਰਾਸ਼ਟਰਪਤੀ ਦਫਤਰ 'ਵਾਈਟ ਹਾਊਸ' ਨੇ ਕਿਹਾ ਕਿ ਅਸੀਂ ਬੰਗਲਾਦੇਸ਼ 'ਚ ਸਥਿਤੀ 'ਤੇ ਨਜ਼ਰ ਰੱਖਾਂਗੇ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਰਾਸ਼ਟਰਪਤੀ ਜੋਅ ਬਾਈਡਨ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ 'ਤੇ 'ਸਪੱਸ਼ਟ ਅਤੇ ਖੁੱਲ੍ਹ ਕੇ ਬੋਲਣਾ ਜਾਰੀ ਰੱਖਣਗੇ'।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਵੀ ਹਿੰਦੂ-ਅਮਰੀਕੀ ਸਮੂਹਾਂ ਅਤੇ ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਦੀ ਅਪੀਲ ਦਾ ਜਵਾਬ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਹਿੰਦੂਆਂ ਦੀ ਸੁਰੱਖਿਆ ਦਾ ਸਵਾਲ ਉਠਾਇਆ ਸੀ।
ਦੱਸ ਦਈਏ ਕਿ ਇਨ੍ਹਾਂ ਲੋਕਾਂ ਨੇ ਮੰਗ ਕੀਤੀ ਸੀ ਕਿ ਬੰਗਲਾਦੇਸ਼ ਵਿਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਮਰੀਕੀ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ। ਜੀਨ-ਪੀਅਰੇ ਨੇ ਸੋਮਵਾਰ ਨੂੰ ਕਿਹਾ ਕਿ ਅਸੀਂ ਯਕੀਨੀ ਤੌਰ 'ਤੇ ਸਥਿਤੀ 'ਤੇ ਨਜ਼ਰ ਰੱਖਾਂਗੇ। ਮੇਰੇ ਕੋਲ ਇਸ ਤੋਂ ਇਲਾਵਾ ਕਹਿਣ ਲਈ ਹੋਰ ਕੁਝ ਨਹੀਂ ਹੈ। ਪਰ, ਜਦੋਂ ਵੀ ਮਨੁੱਖੀ ਅਧਿਕਾਰਾਂ ਨਾਲ ਜੁੜੇ ਮੁੱਦਿਆਂ ਦੀ ਗੱਲ ਆਉਂਦੀ ਹੈ, ਤਾਂ ਰਾਸ਼ਟਰਪਤੀ ਜਨਤਕ ਅਤੇ ਨਿੱਜੀ ਤੌਰ 'ਤੇ ਸਪੱਸ਼ਟ ਅਤੇ ਖੁੱਲ੍ਹ ਕੇ ਬੋਲਦੇ ਰਹੇ ਹਨ ਅਤੇ ਅਜਿਹਾ ਕਰਦੇ ਰਹਿਣਗੇ।
ਬੰਗਲਾਦੇਸ਼ ਵਿਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਕਥਿਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਖਿਲਾਫ ਪਿਛਲੇ ਕੁਝ ਦਿਨਾਂ ਤੋਂ ਸੈਂਕੜੇ ਹਿੰਦੂ-ਅਮਰੀਕੀ ਨਾਗਰਿਕ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸ਼ਾਂਤਮਈ ਰੋਸ ਮਾਰਚ ਕੱਢ ਰਹੇ ਹਨ। ਐਤਵਾਰ ਨੂੰ ਅਟਲਾਂਟਾ ਵਿੱਚ ਇੱਕ ਮਾਰਚ ਨੂੰ ਸੰਬੋਧਨ ਕਰਦਿਆਂ ਐਮਪੀ ਸੀਨ ਸਟਿਲ ਨੇ ਅਮਰੀਕੀ ਵਿਦੇਸ਼ ਵਿਭਾਗ ਨੂੰ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਹਿੱਤਾਂ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਸੀ। ਕਈ ਹੋਰ ਸੰਸਦ ਮੈਂਬਰਾਂ ਨੇ ਵੀ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਸਨ ਅਤੇ ਇਸ ਮੰਗ ਨੂੰ ਦੁਹਰਾਇਆ ਸੀ।
ਕਾਬਿਲੇਗੌਰ ਹੈ ਕਿ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਹਿੰਦੂਆਂ ਦੇ ਮੁੱਦੇ 'ਤੇ ਹੁਣ ਬੈਕਫੁੱਟ 'ਤੇ ਹੈ। ਅੰਤਰਿਮ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਦੁਰਗਾ ਪੂਜਾ ਮੌਕੇ ਤਿੰਨ ਦਿਨ ਦੀ ਛੁੱਟੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅੰਤਰਿਮ ਸਰਕਾਰ ਨੇ ਵੀ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਸ਼ੇਖ ਹਸੀਨਾ ਦੇ ਤਖ਼ਤਾ ਪਲਟ ਤੋਂ ਬਾਅਦ 27 ਜ਼ਿਲ੍ਹਿਆਂ ਵਿਚ ਹਿੰਦੂਆਂ 'ਤੇ ਹਮਲੇ ਹੋਏ। ਮੇਹਰਪੁਰ ਦੇ ਇਸਕਾਨ ਮੰਦਿਰ ਸਮੇਤ ਕਈ ਥਾਵਾਂ 'ਤੇ ਹਿੰਦੂ ਧਰਮ ਦੇ ਮੰਦਰਾਂ ਦੀ ਭੰਨਤੋੜ ਕੀਤੀ ਗਈ ਅਤੇ ਮੂਰਤੀਆਂ ਵੀ ਤੋੜ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ: Terrain Vehicle : ਭਾਰਤੀ ਫੌਜ ਨੂੰ ਮਿਲਿਆ 2 ਮੀਟਰ ਉਚਾ ATOR-SMV-N1200, ਬਿਨਾਂ ਸਟੇਰਿੰਗ ਵਿਸ਼ੇਸ਼ਤਾਵਾਂ ਕਰ ਦੇਣਗੀਆਂ ਹੈਰਾਨ
- PTC NEWS