Jalandhar Gas Leak : ਜਲੰਧਰ ’ਚ ਬਰਫ ਫੈਕਟਰੀ ’ਚ ਗੈਸ ਲੀਕ; ਇੱਕ ਵਿਅਕਤੀ ਦੀ ਮੌਤ, ਡੀਸੀ ਵੱਲੋਂ ਮੈਜਿਸਟ੍ਰੇਟ ਜਾਂਚ ਦੇ ਹੁਕਮ
Jalandhar Gas Leak : ਜਲੰਧਰ ਦੇ ਡੋਮੋਰੀਆ ਪੁਲ ਨੇੜੇ ਆਈਸ ਫੈਕਟਰੀ 'ਚ ਅਮੋਨੀਆ ਗੈਸ ਲੀਕ ਹੋਣ ਕਾਰਨ ਹੜਕੰਪ ਮਚ ਗਿਆ। ਫੈਕਟਰੀ ਅੰਦਰ ਫਸੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਦੀ ਪਛਾਣ ਸ਼ੀਤਲ ਸਿੰਘ ਵੱਜੋਂ ਹੋਈ ਹੈ। ਜਦਕਿ ਦੂਜੇ ਸਾਥੀ ਨੂੰ ਬਾਹਰ ਕੱਢ ਲਿਆ ਗਿਆ ਹੈ। ਫੈਕਟਰੀ ਨੇੜਿਓਂ ਲੰਘ ਰਹੇ ਦੋ ਪ੍ਰਵਾਸੀ ਬੇਹੋਸ਼ ਹੋ ਗਏ ਸਨ, ਜਿਨ੍ਹਾਂ ਦੀ ਸਿਹਤ ਹੁਣ ਠੀਕ ਹੈ। ਪੁਲਿਸ ਨੇ ਪੂਰੀ ਸੜਕ ਨੂੰ ਬੰਦ ਕਰ ਦਿੱਤਾ ਹੈ ਅਤੇ ਸਾਰੀ ਆਵਾਜਾਈ ਨੂੰ ਡੋਮੋਰੀਆ ਪੁਲ 'ਤੇ ਭੇਜਿਆ ਜਾ ਰਿਹਾ ਹੈ।
ਡੀਸੀ ਵੱਲੋਂ ਮੈਜਿਸਟ੍ਰੇਟ ਜਾਂਚ ਦੇ ਹੁਕਮ
ਉਧਰ, ਘਟਨਾ 'ਚ ਇੱਕ ਵਿਅਕਤੀ ਦੀ ਮੌਤ ਹੋਣ ਕਾਰਨ ਮਾਮਲੇ 'ਚ ਵੱਡੀ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਮੈਜਿਸਟ੍ਰੇਟ ਜਾਂਚ ਦੇ ਹੁਕਮ ਕੀਤੇ ਗਏ ਹਨ। ਹੁਣ ਇਸ ਮਾਮਲੇ ਦੀ ਸਬ ਡਵੀਜ਼ਨਲ ਮੈਜਿਸਟ੍ਰੇਟ ਜਲੰਧਰ-1 ਜਾਂਚ ਕਰਨਗੇ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ-3 ਦੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਗੈਸ ਦਾ ਅਸਰ ਘੱਟ ਹੋਣ ਤੋਂ ਬਾਅਦ ਸੜਕਾਂ ਨੂੰ ਮੁੜ ਖੋਲ੍ਹਿਆ ਜਾਵੇਗਾ। ਮੌਕੇ 'ਤੇ ਪਹੁੰਚੀ ਐਂਬੂਲੈਂਸ ਦੇ ਨਾਲ-ਨਾਲ ਡਾਕਟਰਾਂ ਨੇ ਫੈਕਟਰੀ ਤੋਂ ਬਾਹਰ ਆਏ ਲੋਕਾਂ ਦਾ ਇਲਾਜ ਵੀ ਕੀਤਾ। ਸਾਰਿਆਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।
ਕਰੀਬ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਕਿਸੇ ਤਰ੍ਹਾਂ ਗੈਸ ਲੀਕੇਜ ਨੂੰ ਰੋਕਿਆ। ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ, ਕਿਉਂਕਿ ਉਦੋਂ ਤੱਕ ਇੱਕ ਪ੍ਰਵਾਸੀ ਆਪਣੀ ਜਾਨ ਗੁਆ ਚੁੱਕਾ ਸੀ। ਜਦੋਂ ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦੀ ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : MLA Kunwar Vijay Partap Singh wife : 'ਆਪ' ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਲੱਗਾ ਵੱਡਾ ਸਦਮਾ, ਪਤਨੀ ਮਧੂਮਿਤਾ ਦਾ ਹੋਇਆ ਦੇਹਾਂਤ
- PTC NEWS