Chal Mera Putt 4 : ਭਾਰਤ ਨੂੰ ਛੱਡ ਦੁਨੀਆ ਭਰ ‘ਚ ਰਿਲੀਜ਼ ਹੋਈ ‘ਚੱਲ ਮੇਰਾ ਪੁੱਤ-4’, ਸੈਂਸਰ ਬੋਰਡ ਨੇ ਨਹੀਂ ਦਿੱਤਾ ਸਰਟੀਫਿਕੇਟ
Chal Mera Putt 4 : ਪੰਜਾਬੀ ਫ਼ਿਲਮ 'ਚੱਲ ਮੇਰਾ ਪੁੱਤ 4' ਨੂੰ ਭਾਰਤ ਵਿੱਚ ਰਿਲੀਜ਼ ਹੋਣ ਦੀ ਮਨਜ਼ੂਰੀ ਨਹੀਂ ਮਿਲੀ। ਜਿਸ ਕਾਰਨ ਅਮਰਿੰਦਰ ਗਿੱਲ ਦੇ ਫ਼ੈਨਜ ਨਿਰਾਸ਼ ਹਨ। ਇਹ ਫ਼ਿਲਮ ਅੱਜ ਦੁਨੀਆ ਭਰ ਵਿੱਚ ਰਿਲੀਜ਼ ਹੋਈ ਹੋਈ ਪਰ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੀ। ਸੈਂਸਰ ਬੋਰਡ ਨੇ ਫ਼ਿਲਮ ਵਿੱਚ ਕੁਝ ਪਾਕਿਸਤਾਨੀ ਕਲਾਕਾਰਾਂ ਦੀ ਮੌਜੂਦਗੀ ਕਾਰਨ ਇਸਨੂੰ ਸਰਟੀਫਿਕੇਟ ਨਹੀਂ ਦਿੱਤਾ। ਫ਼ਿਲਮ ਦੀ ਰਿਲੀਜ਼ ਮਿਤੀ 1 ਅਗਸਤ ਨਿਰਧਾਰਤ ਕੀਤੀ ਗਈ ਸੀ ਪਰ ਆਖਰੀ ਸਮੇਂ ਤੱਕ ਇਸਨੂੰ ਭਾਰਤ ਵਿੱਚ ਇਜਾਜ਼ਤ ਨਹੀਂ ਮਿਲ ਸਕੀ।
ਫ਼ਿਲਮ ਦੀ ਟੀਮ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਲਿਖਿਆ
ਫ਼ਿਲਮ 'ਚੱਲ ਮੇਰਾ ਪੁੱਤ 4' ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਹੈ ਪਰ ਭਾਰਤ ਵਿੱਚ ਨਹੀਂ। ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ ਪਰ ਕੁਝ ਚੀਜ਼ਾਂ ਸਾਡੇ ਵੱਸ ਤੋਂ ਬਾਹਰ ਹੁੰਦੀਆਂ ਹਨ। ਸਾਡਾ ਸਮਰਥਨ ਕਰਨ ਲਈ ਧੰਨਵਾਦ। ਤੁਹਾਡਾ ਪਿਆਰ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ।
ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ ਵਿਵਾਦ
ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਦੀ ਫਿਲਮ 'ਸਰਦਾਰ ਜੀ 3' ਨੂੰ ਵੀ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਮੌਜੂਦਗੀ ਕਾਰਨ ਭਾਰਤ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਸੀ। ਇਨ੍ਹਾਂ ਦੋਵਾਂ ਫਿਲਮਾਂ ਦੇ ਪਹਿਲੇ ਭਾਗ ਸੁਪਰਹਿੱਟ ਰਹੇ ਹਨ। ਹਾਲਾਂਕਿ ਭਾਰਤ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਬਾਰੇ ਵਿਵਾਦਿਤ ਬਿਆਨ ਦੇਣ ਵਾਲੇ ਪਾਕਿਸਤਾਨੀ ਕਾਮੇਡੀਅਨ-ਅਦਾਕਾਰ ਇਫਤਿਖਾਰ ਠਾਕੁਰ ਦੇ ਰੋਲ 'ਤੇ ਕੈਂਚੀ ਚਲਾ ਦਿੱਤੀ ਗਈ ਸੀ ਪਰ ਇਹ ਫ਼ਿਲਮ ਅੱਜ ਭਾਰਤ ‘ਚ ਰਿਲੀਜ਼ ਨਹੀਂ ਹੋਵੇਗੀ।
ਇਫਤਿਖਾਰ ਠਾਕੁਰ ਨੇ ਪੰਜਾਬੀ ਫਿਲਮਾਂ ਬਾਰੇ ਗਲਤ ਬਿਆਨ ਦਿੱਤੇ। ਇੱਕ ਬਿਆਨ ਵਿੱਚ ਉਸਨੇ ਕਿਹਾ - ਭਾਰਤ ਦੇ ਪੰਜਾਬ ਵਿੱਚ ਮੇਰੀਆਂ ਲਗਭਗ 16 ਫਿਲਮਾਂ ਸਾਈਨ ਸਨ। ਸਾਨੂੰ ਕਿਹਾ ਗਿਆ ਕਿ ਅਸੀਂ ਤੁਹਾਡਾ ਬਾਈਕਾਟ ਕਰਾਂਗੇ। ਇਸ 'ਤੇ ਮੈਂ ਜਵਾਬ ਦਿੱਤਾ ਕਿ ਤੁਹਾਡਾ ਮੂੰਹ ਨਹੀਂ ਬਾਈਕਾਟ ਕਰਨ ਦਾ, ਬਾਈਕਾਟ ਤਾਂ ਅਸੀਂ ਕਰਦੇ ਹਾਂ। ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾਂ 9 ਫਿਲਮਾਂ ਬਣੀਆਂ ਪਰ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਚੱਲੀ। ਜਿੰਨੀਆਂ ਫ਼ਿਲਮਾਂ ਪਾਕਿਸਤਾਨੀ ਕਲਾਕਾਰਾਂ ਨਾਲ ਕੀਤੀਆਂ ਹਨ ,ਉਹ ਸਾਰੀਆਂ ਫਿਲਮਾਂ ਹਰ ਵਾਰ ਹਿੱਟ ਗਈਆਂ ਹਨ।
ਕਾਮੇਡੀਅਨ ਬਿੰਨੂ ਢਿੱਲੋਂ ਨੇ ਕੀਤਾ ਸੀ ਸਭ ਤੋਂ ਪਹਿਲਾਂ ਠਾਕੁਰ ਦਾ ਵਿਰੋਧ
ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਬਿੰਨੂ ਢਿੱਲੋਂ ਨੇ ਇਫਤਿਖਾਰ ਠਾਕੁਰ ਦੇ ਬਿਆਨ ਦਾ ਜਵਾਬ ਦਿੱਤਾ ਸੀ। ਬਿੰਨੂ ਢਿੱਲੋਂ ਨੇ ਕਿਹਾ ਸੀ ਕਿ ਉਹ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਕਰਨਗੇ। ਇਫਤਿਖਾਰ ਠਾਕੁਰ ਨੂੰ ਹੁਣ ਪੰਜਾਬ ਨਹੀਂ ਆਉਣ ਦਿੱਤਾ ਜਾਵੇਗਾ। ਉਸਨੇ ਕਿਹਾ ਸੀ ਕਿ ਜੋ ਸਾਡੇ ਦੇਸ਼ ਦੇ ਵਿਰੁੱਧ ਹਨ, ਉਨ੍ਹਾਂ ਨੂੰ ਇੱਥੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਵੀ ਨਹੀਂ ਮਿਲਣਾ ਚਾਹੀਦਾ।
- PTC NEWS