Amrtisar Bus Accident : ''ਬੱਸ ਚਲਦੀ ਰਹੀ ਤੇ ਸ਼ਰਧਾਲੂ ਮਰਦੇ ਰਹੇ...'', ਬਾਬਾ ਬੁੱਢਾ ਸਾਹਿਬ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਹਾਦਸਾ, 3 ਦੀ ਮੌਕੇ 'ਤੇ ਮੌਤ
Bus Accident : ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਖੇਤਰ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ’ਚ ਤਿੰਨ ਸ਼ਰਧਾਲੂਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਦਰਦਨਾਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੋਂ ਵਾਪਸ ਆ ਰਹੀ ਬੱਸ ਦੇ ਛੱਤ ’ਤੇ ਬੈਠੇ ਯਾਤਰੀ ਬੀ.ਆਰ.ਟੀ.ਐਸ. ਲੇਨ ਵਿੱਚ ਬਣੇ ਲੈਂਟਰ ਨਾਲ ਟਕਰਾ ਗਏ।
ਮਿਲੀ ਜਾਣਕਾਰੀ ਅਨੁਸਾਰ, ਇਹ ਬੱਸ ਮੁਕਤਸਰ ਸਾਹਿਬ ਤੋਂ ਅੰਮ੍ਰਿਤਸਰ ਬਾਬਾ ਬੁੱਢਾ ਸਾਹਿਬ ਦਾ ਮੇਲਾ ਵੇਖਣ ਆਈ ਸੀ। ਮੇਲਾ ਮੁਕੰਮਲ ਹੋਣ ਤੋਂ ਬਾਅਦ ਜਦੋਂ ਬੱਸ ਸ਼ਰਧਾਲੂਆਂ ਨੂੰ ਵਾਪਸ ਲੈ ਜਾ ਰਹੀ ਸੀ, ਤਦ ਡਰਾਈਵਰ ਨੇ ਬੱਸ ਨੂੰ ਬੀ.ਆਰ.ਟੀ.ਐਸ. ਲੇਨ ਵਿੱਚ ਤੇਜ਼ੀ ਨਾਲ ਕੱਢਣ ਦੀ ਕੋਸ਼ਿਸ਼ ਕੀਤੀ। ਬੱਸ ਦੀ ਛੱਤ ’ਤੇ ਕਰੀਬ 15 ਯਾਤਰੀ ਬੈਠੇ ਸਨ, ਜਿਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਕਿ ਅੱਗੇ ਲੈਂਟਰ ਆ ਰਿਹਾ ਹੈ। ਛੱਤ ’ਤੇ ਬੈਠੇ ਯਾਤਰੀ ਲੈਂਟਰ ਨਾਲ ਟਕਰਾ ਗਏ, ਜਿਸ ਨਾਲ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਹਾਦਸੇ ਤੋਂ ਬਾਅਦ ਵੀ ਡਰਾਈਵਰ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ ਅਤੇ ਉਹ ਬੱਸ ਚਲਾਉਂਦਾ ਰਿਹਾ। ਹਾਲਾਂਕਿ, ਇੱਕ ਚਸ਼ਮਦੀਦ ਕਾਰ ਡਰਾਈਵਰ ਨੇ ਬੱਸ ਡਰਾਈਵਰ ਨੂੰ ਹਾਦਸੇ ਬਾਰੇ ਦੱਸਿਆ, ਜਿਸ ਤੋਂ ਬਾਅਦ ਬੱਸ ਨੂੰ ਰੋਕਿਆ ਗਿਆ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
- PTC NEWS