Amritsar Grenade Blast : ਮਜੀਠਾ 'ਚ ਗ੍ਰੇਨੇਡ ਧਮਾਕਾ, ਵਿਅਕਤੀ ਦੇ ਹੱਥ 'ਚ ਫਟਿਆ ਬੰਬ, ਬੱਬਰ ਖਾਲਸਾ ਨਾਲ ਜੁੜੀਆਂ ਤਾਰਾਂ
Amritsar Grenade Blast : ਅੰਮ੍ਰਿਤਸਰ 'ਚ ਗ੍ਰੇਨੇਡ ਧਮਾਕਾ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰੇਨੇਡ ਧਮਾਕਾ ਮਜੀਠਾ ਰੋਡ ਨੌਸ਼ਹਿਰਾ ਵਿਖੇ ਹੋਇਆ। ਗ੍ਰੇਨੇਡ, ਇੱਕ ਵਿਅਕਤੀ ਦੇ ਹੱਥ ਵਿੱਚ ਹੀ ਫਟਿਆ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਉਸ ਦੀਆਂ ਦੋਵੇਂ ਬਾਂਹਾਂ ਤੇ ਲੱਤਾਂ ਉਡ ਗਈਆਂ, ਜਿਸ ਪਿੱਛੋਂ ਵਿਅਕਤੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਪਰੰਤੂ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ।
ਮਜੀਠਾ ਰੋਡ ਬਾਈਪਾਸ 'ਤੇ ਸਥਿਤ 'ਡੀਸੈਂਟ ਐਵੇਨਿਊ' ਕਲੋਨੀ ਦੇ ਬਾਹਰ ਧਮਾਕਾ ਹੋਇਆ ਹੈ, ਜਿਸ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਧਮਾਕੇ ਦੀ ਖ਼ਬਰ ਮਿਲਦੇ ਹੀ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ।
ਚਸ਼ਮਦੀਦਾਂ ਅਨੁਸਾਰ ਧਮਾਕਾ ਅਚਾਨਕ ਹੋਇਆ ਅਤੇ ਆਵਾਜ਼ ਬਹੁਤ ਉੱਚੀ ਸੀ। ਜਦੋਂ ਲੋਕ ਪਹੁੰਚੇ, ਤਾਂ ਇੱਕ ਵਿਅਕਤੀ ਦਰਦ ਨਾਲ ਕਰਾਹ ਰਿਹਾ ਸੀ, ਉਸਦੇ ਹੱਥ ਅਤੇ ਲੱਤਾਂ ਉੱਡ ਗਈਆਂ ਸਨ। ਘਟਨਾ ਵਿੱਚ ਜ਼ਖਮੀ ਹੋਏ ਵਿਅਕਤੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਜਾਂਚ ਕਰ ਰਹੀ ਹੈ, ਧਮਾਕੇ ਦੀ ਪ੍ਰਕਿਰਤੀ ਸਪੱਸ਼ਟ ਨਹੀਂ ਹੈ।
ਸਦਰ ਥਾਣੇ ਦੀ ਪੁਲਿਸ ਟੀਮ ਅਤੇ ਬੰਬ ਨਿਰੋਧਕ ਦਸਤਾ ਮੌਕੇ 'ਤੇ ਪਹੁੰਚ ਗਿਆ। ਮੁੱਢਲੀ ਜਾਂਚ ਤੋਂ ਬਾਅਦ, ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਧਮਾਕਾ ਹੋਇਆ ਹੈ, ਅਤੇ ਇੱਕ ਵਿਅਕਤੀ ਘਟਨਾ ਸਥਾਨ 'ਤੇ ਜ਼ਖਮੀ ਪਾਇਆ ਗਿਆ ਹੈ। ਪੁਲਿਸ ਨੇ ਕਿਹਾ, "ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਧਮਾਕਾ ਕਿਸ ਕਾਰਨ ਹੋਇਆ। ਫੋਰੈਂਸਿਕ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ।"
ਇਲਾਕੇ ਵਿੱਚ ਵਧਾਈ ਗਈ ਸੁਰੱਖਿਆ
ਇਸ ਘਟਨਾ ਤੋਂ ਬਾਅਦ, ਡੀਸੈਂਟ ਐਵੇਨਿਊ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਧਮਾਕੇ ਨੂੰ ਅੱਤਵਾਦੀ ਘਟਨਾ ਨਹੀਂ ਦੱਸਿਆ ਹੈ, ਪਰ ਧਮਾਕੇ ਦੇ ਕਾਰਨਾਂ ਅਤੇ ਇਸ ਪਿੱਛੇ ਕਿਸੇ ਦੀ ਸ਼ਮੂਲੀਅਤ ਦੀ ਪੁਸ਼ਟੀ ਕਰਨ ਲਈ ਸ਼ੱਕ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਬੱਬਰ ਖਾਲਸਾ ਨਾਲ ਜੁੜੀਆਂ ਤਾਰਾਂ
ਮੌਕੇ 'ਤੇ ਡੀਆਈਜੀ ਸਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਮਾਕਾਖੇਜ ਸਮੱਗਰੀ ਲੈ ਕੇ ਆ ਰਹੇ ਵਿਅਕਤੀ ਦੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਮੌਤ ਹੋ ਗਈ ਹੈ।ਉਨ੍ਹਾਂ ਕਿਹਾ ਕਿ ਧਮਾਕੇ ਦੀਆਂ ਤਾਰਾਂ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੀਆਂ ਹਨ। ਉਨ੍ਹਾਂ ਦੱਸਿਆ ਮ੍ਰਿਤਕ ਦੀ ਜੇਬ ਵਿਚੋਂ ਮਿਲੀ ਸਮੱਗਰੀ ਦੇ ਆਧਾਰ 'ਤੇ ਬੱਬਰ ਖਾਲਸਾ ਬਾਰੇ ਜਾਣਕਾਰੀ ਮਿਲੀ ਹੈ। ਪੁਸਿਲ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਵਿੱਚ ਜਲਦ ਗ੍ਰਿਫ਼ਤਾਰੀਆਂ ਹੋਣਗੀਆਂ।
- PTC NEWS