Amritsar Police : ਫਰਨੀਚਰ ਦੀ ਦੁਕਾਨ ਦੇ ਹਮਲਾਵਰ ਗ੍ਰਿਫਤਾਰ, ਪੁਲਿਸ ਨੇ ਅਸਲੇ ਸਮੇਤ ਫੜੇ ਜੀਵਨ ਫੌਜੀ ਗੈਂਗ ਦੇ ਦੋ ਮੈਂਬਰ
Amritsar News : ਅੰਮ੍ਰਿਤਸਰ ਪੁਲਿਸ ਨੇ ਬੀਤੇ ਦਿਨੀ ਇੱਕ ਫਰਨੀਚਰ ਦੀ ਦੁਕਾਨ 'ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਨ੍ਹਾਂ ਕੋਲੋਂ ਹਥਿਆਰ ਅਤੇ ਵਾਰਦਾਤ 'ਚ ਵਰਤਿਆ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕਾਰਜਪ੍ਰੀਤ ਸਿੰਘ ਉਰਫ਼ ਕਾਰਜ਼ (23) ਥਾਣਾ ਵੈਰੋਵਾਲ, ਜ਼ਿਲ੍ਹਾ ਤਰਨ ਤਾਰਨ ਅਤੇ ਗੁਰਲਾਲ ਸਿੰਘ (23) ਉਰਫ਼ ਹਰਮਨ ਵਾਸੀ ਗੋਇੰਦਵਾਲ, ਜ਼ਿਲ੍ਹਾ ਤਰਨ ਤਾਰਨ ਵੱਜੋ ਹੋਈ ਹੈ, ਜਿਨ੍ਹਾਂ ਕੋਲੋਂ 01 ਪਿਸਤੌਲ (.30 ਬੋਰ) ਸਮੇਤ ਮੈਗਜ਼ੀਨ, 01 ਕਾਰਤੂਸ ਕੀਤੇ ਗਏ ਹਨ। ਨਾਲ ਹੀ ਇਨ੍ਹਾਂ ਕੋਲੋਂ ਵਾਰਦਾਤ 'ਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ।
ਮੁਲਜ਼ਮਾਂ ਨੇ ਫਰਨੀਚਰ ਦੀ ਦੁਕਾਨ 'ਤੇ ਚਲਾਈਆਂ ਸਨ ਗੋਲੀਆਂ
ਪੁਲਿਸ ਕਮਿਸ਼ਨਰ ਜੀਪੀਐਸ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਕੱਦਮਾਂ ਮੁਦੱਈ ਮਨਵੀਰ ਸਿੰਘ ਵਾਸੀ ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਹੋਇਆ ਸੀ ਕਿ 02 ਨੌਜ਼ਵਾਨਾਂ ਨੇ ਉਸਦੀ ਫਰਨੀਚਰ ਦੀ ਦੁਕਾਨ 'ਤੇ ਗੋਲੀ ਮਾਰੀ, ਜਿਸ ਨਾਲ ਦੁਕਾਨ ਵਿੱਚ ਕੰਮ ਕਰਨ ਵਾਲੇ ਪ੍ਰਿੰਸ ਸ਼ਰਮਾ ਦੇ ਲੱਤ ਦੇ ਗੋਲੀ ਲੱਗਣ ਨਾਲ ਉਹ ਜਖ਼ਮੀ ਹੋ ਗਿਆ। ਉਪਰੰਤ ਗੋਲੀ ਚਲਾਉਣ ਵਾਲੇ ਨੌਜਵਾਨ ਮੋਟਰਸਾਈਕਲ 'ਤੇ ਮੌਕਾ ਤੋਂ ਭੱਜ ਗਏ।
ਉਪਰੰਤ, ਪੁਲਿਸ ਪਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਐਂਗਲ ਤੋਂ ਕਰਨ 'ਤੇ ਮਿਤੀ 26-05-2025 ਨੂੰ ਦੋਸ਼ੀ ਕਾਰਜਪ੍ਰੀਤ ਸਿੰਘ ਉਰਫ਼ ਕਾਰਜ਼ ਪੁੱਤਰ ਦਿਲਬਾਗ ਸਿੰਘ ਵਾਸੀ ਵੈਰੋਵਾਲ, ਥਾਣਾ ਵੈਰੋਵਾਲ, ਜ਼ਿਲ੍ਹਾ ਤਰਨ ਤਾਰਨ, ਉਮਰ: 23 ਸਾਲ, ਨੂੰ ਵੈਰੋਵਾਲ ਜਿਲਾਂ ਤਰਨ ਤਾਰਨ ਤੇ ਕਾਬੂ ਕੀਤਾ ਗਿਆ ਅਤੇ ਮਿਤੀ 30-05-2026 ਨੂੰ ਦੂਸਰੇ ਦੋਸ਼ੀ ਗੁਰਲਾਲ ਸਿੰਘ ਉਰਫ਼ ਹਰਮਨ ਪੁੱਤਰ ਸਰਵਣ ਸਿੰਘ ਵਾਸੀ ਗੋਇੰਦਵਾਲ ਸਾਹਿਬ, ਥਾਣਾ ਗੋਇੰਦਵਾਲ ਸਾਹਿਬ, ਜ਼ਿਲ੍ਹਾ ਤਰਨ ਤਾਰਨ ਨੂੰ ਫਾਜ਼ਿਲਕਾ ਤੋਂ ਕਾਬੂ ਕੀਤਾ ਗਿਆ।
ਹਥਿਆਰ ਬਰਾਮਦਗੀ ਦੌਰਾਨ ਪੁਲਿਸ ਤੇ ਮੁਲਜ਼ਮ ਹੋਏ ਹੱਥੋਪਾਈ
ਉਨ੍ਹਾਂ ਦੱਸਿਆ ਕਿ ਅੱਜ ਪੁੱਛਗਿੱਛ ਦੌਰਾਨ ਮੁਲਜ਼ਮ ਗੁਰਲਾਲ ਸਿੰਘ ਉਰਫ਼ ਹਰਮਨ ਨੂੰ ਦੀ ਨਿਸ਼ਾਨਦੇਹੀ 'ਤੇ ਹਥਿਆਰ ਦੀ ਬ੍ਰਾਮਦਗੀ ਕਰਨ ਲਈ ਲਿਜਾਇਆ ਗਿਆ ਤਾਂ ਮੁਲਜ਼ਮ ਨੇ ਦੱਸੇ ਗਏ ਸਥਾਨ ਨੇੜੇ ਅਜੈ ਪਲੇਸ ਸੁਲਤਾਨਵਿੰਡ ਦੇ ਖੇਤਰ ਵਿਖੇ ਛੁਪਾਏ ਪਿਸਤੌਲ ਨਾਲ ਪੁਲਿਸ ਪਾਰਟੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਏ.ਐਸ.ਆਈ ਮਨਜਿੰਦਰ ਸਿੰਘ ਨੇ ਬੜੀ ਮੁਸ਼ਤੈਦੀ ਨਾਲ ਮੁਲਜ਼ਮ ਪਾਸੋਂ ਪਿਸਟਲ ਵਾਪਸ ਲੈਣ ਦੀ ਕੋਸ਼ਿਸ਼ ਦੌਰਾਨ ਗੁਥਮ-ਗੁੱਥਾ ਹੁੰਦੇ ਸਮੇਂ ਪਿਸਤੌਲ ਵਿੱਚੋਂ ਗੋਲੀ ਚੱਲੀ, ਜੋ ਮੁਲਜ਼ਮ ਦੇ ਖੱਬੇ ਪੈਰ ਵਿੱਚ ਲੱਗੀ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਪੁਲਿਸ ਪਾਰਟੀ ਨੇ ਡਾਕਟਰੀ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਹੈ। ਗੁਰਲਾਲ ਸਿੰਘ ਉਰਫ਼ ਹਰਮਨ, ਵਿਦੇਸ਼ ਬੈਠੇ ਜੀਵਨ ਫੌਜੀ ਦੇ ਸੰਪਰਕ ਵਿੱਚ ਸੀ ਅਤੇ ਉਸਦੇ ਇਸ਼ਾਰੇ 'ਤੇ, ਜਬਰੀ ਵਸੂਲੀ ਦੀ ਗਤੀਵਿਧੀ ਵਿੱਚ ਸ਼ਾਮਲ ਸੀ।
- PTC NEWS