Amritsar : ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, 8.187 ਕਿਲੋ ਹੈਰੋਇਨ ਸਮੇਤ 5 ਗ੍ਰਿਫ਼ਤਾਰ, ਜਾਣੋ ਕਿਵੇਂ ਫਿਲਮੀ ਅੰਦਾਜ਼ 'ਚ ਕਰਦੇ ਸਨ ਤਸਕਰੀ
Heroin smuggling cartel busted : ਅੰਮ੍ਰਿਤਸਰ ਨੇ ਸਰਹੱਦ ਪਾਰ ਨਾਰਕੋ-ਅੱਤਵਾਦ ਨੈੱਟਵਰਕਾਂ ਨੂੰ ਵੱਡਾ ਝਟਕਾ ਦਿੰਦਿਆਂ ਇੱਕ ਵੱਡੀ ਹੈਰੋਇਨ ਤਸਕਰੀ ਕਾਰਟੈਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਛਾਪੇਮਾਰੀ ਕਰਕੇ 8 ਕਿਲੋਗ੍ਰਾਮ 187 ਗ੍ਰਾਮ ਹੈਰੋਇਨ ਬਰਾਮਦ ਕਰਦਿਆਂ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਸਮਗਲਰਾਂ ਵਿੱਚ ਸੋਨੀ ਸਿੰਘ ਉਰਫ ਸੋਨੀ ਵੀ ਸ਼ਾਮਲ ਹੈ, ਜਿਸ 'ਤੇ ਪਹਿਲਾਂ ਤੋਂ ਹੀ ਕਈ ਐਨ.ਡੀ.ਪੀ.ਐੱਸ. ਦੇ ਮੁਕੱਦਮੇ ਦਰਜ ਹਨ।
'ਡੰਪ ਸੈਂਟਰ' ਵੱਜੋਂ ਵਰਤੇ ਜਾਂਦੇ ਸਨ ਹੋਟਲ
ਇਹ ਗਿਰੋਹ ਪਾਕਿਸਤਾਨ ਤੋਂ ਡਰੋਨ ਰਾਹੀਂ ਆਉਣ ਵਾਲੀਆਂ ਖੇਪਾਂ ਨੂੰ ਅੱਗੇ ਵੰਡਣ ਲਈ ਹੋਟਲਾਂ ਨੂੰ ਡੰਪ ਸੈਂਟਰ ਵਜੋਂ ਵਰਤਦਾ ਸੀ। ਪੁਲਿਸ ਮੁੱਢਲੀ ਜਾਂਚ ਦੌਰਾਨ ਪਤਾ ਲਗਾ ਚੁੱਕੀ ਹੈ ਕਿ ਨੌਜਵਾਨ ਫਿਲਮੀ ਸਟਾਈਲ ਨਾਲ ਹੈਰੋਇਨ ਦੀ ਸਪਲਾਈ ਕਰਦੇ ਸਨ, ਭੀੜ ਵਾਲੇ ਬਾਜ਼ਾਰਾਂ ਜਾਂ ਰਸ਼ ਵਾਲੇ ਇਲਾਕਿਆਂ ਵਿੱਚ ਸਮੱਗਰੀ ਛੱਡ ਕੇ ਅੱਗੇ ਸਪਲਾਈ ਕਰਦੇ, ਤਾਂ ਜੋ ਕਿਸੇ ਨੂੰ ਸ਼ੱਕ ਨਾ ਪਵੇ।
ਗਿਰੋਹ 'ਚ ਪ੍ਰਾਈਵੇਟ ਅਧਿਆਪਕ ਵੀ ਸ਼ਾਮਲ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਦੇ ਅਧੀਨ ਪੁਲਿਸ ਟੀਮ ਨੂੰ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ। ਉਹਨਾਂ ਕਿਹਾ ਕਿ ਸੋਨੀ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ 6 ਮੁਕੱਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ ਅਤੇ ਉਹ ਬਦਨਾਮ ਸਮਗਲਰ ਹੈ। ਗਿਰੋਹ ਦੇ ਹੋਰ ਮੈਂਬਰਾਂ ਵਿੱਚ ਗੁਰਸੇਵਕ ਸਿੰਘ, ਜੋ ਪੇਸ਼ੇ ਨਾਲ ਪ੍ਰਾਈਵੇਟ ਟੀਚਰ ਹੈ, ਵੀ ਸ਼ਾਮਲ ਹੈ। ਇਹ ਨਵਾਂ ਤਰੀਕਾ ਅਪਣਾਕੇ ਹੋਟਲਾਂ ਵਿੱਚ ਕਮਰੇ ਲੈ ਕੇ ਬੈਗਾਂ ਵਿੱਚ ਹੈਰੋਇਨ ਛੁਪਾ ਕੇ ਰੱਖਦਾ ਸੀ ਅਤੇ ਫਿਰ ਸਮਾਂ ਦੇਖ ਕੇ ਸਪਲਾਈ ਕਰਦਾ ਸੀ।
ਇਸ ਤੋਂ ਇਲਾਵਾ ਵਿਸ਼ਾਲਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਸ਼ਾਲਦੀਪ ਦੇ ਖਿਲਾਫ਼ ਪਹਿਲਾਂ ਵੀ ਲੁਧਿਆਣਾ ਵਿੱਚ ਕੇਸ ਦਰਜ ਹੈ, ਜਦਕਿ ਅਰਸ਼ਦੀਪ ‘ਤੇ ਅੰਮ੍ਰਿਤਸਰ ਰੂਰਲ ਵਿੱਚ ਮੁਕੱਦਮਾ ਚੱਲ ਰਿਹਾ ਹੈ।
- PTC NEWS