Heroin Smuggling : ਅੰਮ੍ਰਿਤਸਰ ਪੁਲਿਸ ਨੇ ਨਾਰਕੋ-ਅੱਤਵਾਦ ਨੈਟਵਰਕ ਦਾ ਪਰਦਾਫਾਸ਼, 2 ਔਰਤਾਂ ਸਮੇਤ 6 ਤਸਕਰ 9 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫ਼ਤਾਰ
Amritsar News : ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਸਰਹੱਦ ਪਾਰ ਨਾਰਕੋ-ਅੱਤਵਾਦੀ ਨੈੱਟਵਰਕ ਵਿਰੁੱਧ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਦੋ ਨਸ਼ਾ ਕਾਰਟੈਲਾਂ ਦਾ ਪਰਦਾਫਾਸ਼ ਕਰਦਿਆਂ ਛੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਹਨਾਂ ਤੋਂ ਕੁੱਲ 9.066 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਪੁਲਿਸ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਇਸ ਨੈੱਟਵਰਕ ਦੇ ਪਿੱਛੇ ਮੁੱਖ ਮਾਸਟਰਮਾਈਂਡ ਹਰਪ੍ਰੀਤ ਉਰਫ਼ ਹੈਪੀ ਜੱਟ ਹੈ, ਜੋ ਵਿਦੇਸ਼ ਵਿੱਚ ਬੈਠ ਕੇ ਪਾਕਿਸਤਾਨੀ ਸਮਗਲਰਾਂ ਨਾਲ ਮਿਲ ਕੇ ਆਪਣਾ ਨੈੱਟਵਰਕ ਚਲਾ ਰਿਹਾ ਸੀ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਸਾਥੀਆਂ ਨੂੰ ਕੋਆਰਡੀਨੇਟ ਕਰਦਾ ਸੀ ਅਤੇ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੀ ਜਾਣ ਵਾਲੀ ਹੈਰੋਇਨ ਦੀ ਕਨਸਾਈਨਮੈਂਟ ਰਿਸੀਵ ਕਰਵਾਉਂਦਾ ਸੀ।
ਕਾਰਵਾਈ ਦੌਰਾਨ ਸਭ ਤੋਂ ਪਹਿਲਾਂ ਹਨੀ ਨਾਂ ਦੇ ਇੱਕ ਨੌਜਵਾਨ ਤੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਦੀ ਪੁੱਛਗਿੱਛ ਤੋਂ ਮਿਲੀ ਜਾਣਕਾਰੀ ਅਧਾਰਿਤ ਪਰਮਜੀਤ ਪਾਰਸ ਨੂੰ ਫੜਿਆ ਗਿਆ, ਜਿਸ ਕੋਲੋਂ 5 ਕਿਲੋ ਹੈਰੋਇਨ ਮਿਲੀ। ਅਗਲੀ ਜਾਂਚ ਵਿੱਚ ਗੁਰਪ੍ਰੀਤ ਗੋਪੀ ਤੋਂ 3 ਕਿਲੋ ਹੋਰ ਹੈਰੋਇਨ ਬਰਾਮਦ ਹੋਈ। ਗੁਰਪ੍ਰੀਤ ਮੁੱਖ ਤੌਰ 'ਤੇ ਹੈਪੀ ਜੱਟ ਦੇ ਬਿਹਾਫ਼ 'ਤੇ ਕਨਸਾਈਨਮੈਂਟ ਰਿਸੀਵ ਕਰਨ ਵਾਲਾ ਸੀ। ਇਹਨਾਂ ਨੇ ਕਈ "ਲੈਂਡਮਾਰਕ" ਜਿਵੇਂ ਬਿਲਬੋਰਡ, ਖੰਭੇ ਜਾਂ ਡੰਪ ਯਾਰਡ ਨਸ਼ੇ ਦੀਆਂ ਡਿਲੀਵਰੀ ਲਈ ਵਰਤੇ ਹੋਏ ਸਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਨੈੱਟਵਰਕ ਵਿੱਚ ਦੋ ਔਰਤਾਂ ਦੀ ਵੀ ਸ਼ਮੂਲੀਅਤ ਸਾਹਮਣੇ ਆਈ।
ਸਰਕਾਰੀ ਸਕੂਲ ਦੀ ਅਧਿਆਪਕਾ ਵੀ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ
ਜਸਬੀਰ ਕੌਰ ਵਾਸੀ ਤਰਨਤਾਰਨ ਤੋਂ 500 ਗ੍ਰਾਮ ਹੈਰੋਇਨ ਅਤੇ ਕੁਲਵਿੰਦਰ ਕੌਰ, ਜੋ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾ ਹੈ, ਤੋਂ ਅੱਧਾ ਕਿਲੋ ਹੈਰੋਇਨ ਬਰਾਮਦ ਹੋਈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਤਰ੍ਹਾਂ ਨੋਬਲ ਪੇਸ਼ੇ ਨਾਲ ਜੁੜੀਆਂ ਔਰਤਾਂ ਦਾ ਨਸ਼ੇ ਦੇ ਗੰਦੇ ਧੰਦੇ ਵਿੱਚ ਫਸਣਾ ਬਹੁਤ ਚਿੰਤਾਜਨਕ ਅਤੇ ਖ਼ਤਰਨਾਕ ਰੁਝਾਨ ਹੈ। ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਹੈਪੀ ਜੱਟ ਦੇ ਖ਼ਿਲਾਫ਼ ਪਹਿਲਾਂ ਤੋਂ 25 ਤੋਂ ਵੱਧ ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚ ਨਸ਼ਾ ਤਸਕਰੀ, ਐਕਸਟਾਰਸ਼ਨ, ਅਟੈਮਪਟ ਟੂ ਮਰਡਰ ਅਤੇ ਯੂਏਪੀਏ ਦੇ ਕੇਸ ਵੀ ਸ਼ਾਮਲ ਹਨ। ਇਸ ਨੈੱਟਵਰਕ ਦੀਆਂ ਫਾਇਨੈਂਸ਼ਲ ਲਿੰਕਾਂ ਅਤੇ ਪਾਕਿਸਤਾਨੀ ਸਮਗਲਰਾਂ ਨਾਲ ਹੋਰ ਕਨੈਕਸ਼ਨ ਖੰਗਾਲਣ ਲਈ ਜਾਂਚ ਜਾਰੀ ਹੈ।
- PTC NEWS