ਮੋਰੱਕੋ ਤੋਂ ਪੰਜਾਬੀ ਨੌਜਵਾਨ ਦੀ ਹੋਈ ਘਰ ਵਾਪਸੀ, ਏਜੰਟ ਨੇ ਕਿਵੇਂ ਫਸਾਇਆ...ਪੀੜਤ ਅਰਸ਼ਦੀਪ ਨੇ ਸੁਣਾਈ ਹੱਡਬੀਤੀ
ਕਪੂਰਥਲਾ: ਮੋਰੱਕੋ (Morocco) 'ਚ ਫਸੇ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੀ ਨੌਜਵਾਨ ਅਰਸ਼ਦੀਪ ਸਿੰਘ ਦੀ 10 ਮਹੀਨਿਆਂ ਬਾਅਦ ਘਰ ਵਾਪਸੀ ਹੋ ਗਈ ਹੈ। ਤਿੰਨ ਭੈਣਾਂ ਦਾ ਇਕਲੌਤਾ ਭਰਾ ਭਾਵੇਂ ਘਰ ਸਹੀ ਸਲਾਮਤ ਪੁੱਜ ਗਿਆ ਹੈ, ਪਰ ਪਰਿਵਾਰ ਕਰਜ਼ੇ ਹੇਠ ਆ ਗਿਆ ਹੈ। ਪੀੜਤ ਨੌਜਵਾਨ ਨੇ ਇਸ ਮੌਕੇ ਆਪਣੇ ਨਾਲ ਮੋਰੱਕੋ 'ਚ ਵਾਪਰੀ ਹੱਡਬੀਤੀ ਅਤੇ ਕਿਵੇਂ ਉਹ ਇੱਕ ਏਜੰਟ ਰਾਹੀਂ ਉਥੇ ਜਾ ਫਸਿਆ, ਸਾਰੀ ਗੱਲਬਾਤ ਦੱਸੀ।
ਆਪਣੇ ਨਾਲ ਬੀਤੀ ਹੱਡਬੀਤੀ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਮੁਰੀਦਵਾਲ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਹ 12ਵੀਂ ਪਾਸ ਹੈ ਅਤੇ ਵਿਦੇਸ਼ ਜਾ ਕੇ ਪਰਿਵਾਰ ਦੀ ਗ਼ਰੀਬੀ ਦਾ ਖਾਤਮਾ ਕਰਨਾ ਚਾਹੁੰਦਾ ਸੀ। ਇਸ ਲਈ ਉਸ ਦੇ ਪਿਤਾ ਨਿਰਮਲ ਸਿੰਘ ਨੇ ਉਸਨੂੰ ਸਪੇਨ ਭੇਜਣ ਲਈ ਰਿਸ਼ਤੇਦਾਰਾਂ ਤੇ ਹੋਰ ਸਾਕ ਸਬੰਧੀਆਂ ਕੋਲੋਂ 13 ਲੱਖ ਰੁਪਏ ਇਕੱਠੇ ਕਰਕੇ ਪਿੰਡ ਪੰਮਣਾ ਦੇ ਰਹਿਣ ਵਾਲੇ ਇੱਕ ਟਰੈਵਲ ਏਜੰਟ (Traval Agent fruad) ਨੂੰ ਦਿੱਤੇ ਸਨ।
ਅਰਸ਼ਦੀਪ ਨੇ ਦੱਸਿਆ ਕਿ ਉਹ ਜੂਨ 2023 ਨੂੰ ਜੈਪੁਰ ਤੋਂ ਸਪੇਨ *(Spain) ਲਈ ਜਹਾਜ਼ੇ ਚੜ੍ਹਿਆ ਸੀ ਪਰ ਟਰੈਵਲ ਏਜੰਟ ਨੇ ਉਸ ਨੂੰ ਮੋਰੱਕੋ ਵਿੱਚ ਲਿਜਾ ਕੇ ਫਸਾ ਦਿੱਤਾ। ਇਥੇ ਆ ਕੇ ਉਨ੍ਹਾਂ ਕੋਲ ਜਿਹੜੇ ਪੈਸੇ ਸੀ ਉਹ ਹੋਟਲ ਦੇ ਕਿਰਾਏ ਅਤੇ ਖਾਣੇ 'ਤੇ ਖਰਚ ਹੋ ਗਏ। ਉਪਰੰਤ ਉਹ ਆਪਣੇ ਘਰ ਤੋਂ ਹਰ ਹਫਤੇ 15 ਤੋਂ 20 ਹਜ਼ਾਰ ਰੁਪਏ ਮੰਗਵਾ ਕੇ ਗੁਜ਼ਾਰਾ ਕਰ ਰਿਹਾ ਸੀ। ਦੂਜੇ ਪਾਸੇ ਜਦੋਂ ਟਰੈਵਲ ਏਜੰਟ ਨੂੰ ਪੁੱਛਿਆ ਜਾਂਦਾ ਸੀ ਤਾਂ ਉਹ ਹਰ ਵਾਰ ਸਪੇਨ ਭੇਜਣ ਦੇ ਲਾਰੇ ਲਾਉਂਦਾ ਰਿਹਾ। ਉਸ ਨੇ ਕਿਹਾ ਮੋਰੱਕੋ 'ਚ ਉਹ 10 ਮਹੀਨਿਆਂ ਤੋਂ ਫਸਿਆ ਹੋਇਆ ਸੀ ਅਤੇ ਇਸ ਦੌਰਾਨ ਹੋਟਲ ਦਾ ਖਰਚਾ ਹੀ 7 ਲੱਖ ਦੇ ਕਰੀਬ ਬਣ ਚੁੱਕਾ ਸੀ।
ਅਰਸ਼ਦੀਪ ਨੇ ਦੱਸਿਆ ਕਿ ਉਸ ਨਾਲ ਹੋਰ ਮੁੰਡੇ ਵੀ ਸਨ, ਜਿਨ੍ਹਾਂ ਸੋਸ਼ਲ ਮੀਡੀਆ ਜ਼ਰੀਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਤੇ ਆਪਣੀ ਹੱਡਬੀਤੀ ਸੁਣਾਈ। ਜਿਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਉਪਰੰਤ ਮੋਰੱਕੋ ਵਿਚਲੀ ਭਾਰਤੀ ਅੰਬੈਸੀ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਨੌਜਵਾਨਾਂ ਦੀ ਘਰ ਵਾਪਸੀ ਯਕੀਨੀ ਬਣਾਈ।
ਅਰਸ਼ਦੀਪ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਵਿਆਹੁਣ ਵਾਲੀਆਂ ਹਨ। ਉਹ ਤਿੰਨੇ ਹੀ ਅਰਸ਼ਦੀਪ ਤੋਂ ਵੱਡੀਆਂ ਹਨ। ਉਹ ਆਪ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਉਸ ਨੇ ਕਿਹਾ ਕਿ ਕਰਜ਼ਾ ਤਾਂ ਇਸ ਲਈ ਚੁੱਕਿਆ ਸੀ ਕਿ ਘਰ ਦੀ ਗਰੀਬੀ ਚੁੱਕੀ ਜਾਵੇਗੀ ਅਤੇ ਧੀਆਂ ਵਿਆਹੀਆਂ ਜਾਣਗੀਆਂ ਤੇ ਚੰਗਾ ਘਰ ਵੀ ਬਣ ਜਾਵੇਗਾ। ਪਰ ਟਰੈਵਲ ਏਜੰਟ ਦੇ ਧੋਖੇ ਨੇ ਉਨ੍ਹਾਂ ਦੇ ਸੁਫਨਿਆਂ ਉਪਰ ਪਾਣੀ ਫੇਰ ਦਿੱਤਾ ਹੈ। ਉਸ ਨੇ ਕਿਹਾ ਕਿ ਧੋਖੇ ਕਾਰਨ ਉਨ੍ਹਾਂ ਦਾ ਪਰਿਵਾਰ ਨੂੰ 20 ਲੱਖ ਦੇ ਕਰਜ਼ੇ ਦੀ ਪੰਡ ਹੇਠਾਂ ਆ ਗਿਆ ਹੈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਦੇ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਦੇ ਸਾਰੇ ਪੈਸੇ ਵਾਪਿਸ ਕਰਵਾਏ ਜਾਣ ਤਾਂ ਜੋ ਆਪਣੇ ਸਿਰ ਕਰਜ਼ਾ ਉਤਾਰ ਸਕਣ।
ਇਹ ਵੀ ਪੜ੍ਹੋ:
- ਜਾਪਾਨ ਨੇ ਭਾਰਤ ਸਮੇਤ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਕੀਤੀ ਈ-ਵੀਜ਼ਾ ਸੇਵਾ, ਇੰਝ ਕਰੋ ਅਪਲਾਈ?
- ਸ੍ਰੀ ਦਰਬਾਰ ਸਾਹਿਬ 'ਚ 500 ਸਾਲ ਪੁਰਾਣੀਆਂ ਬੇਰੀਆਂ ਮੁੜ ਹੋਈਆਂ ਹਰੀਆਂ, ਬੇਰ ਰੂਪੀ ਫਲਾਂ ਨਾਲ ਲੱਦੀਆਂ
- ਹਾਈਕੋਰਟ ਨੇ HSGPC ਤੇ ਹਰਿਆਣਾ ਸਰਕਾਰ ਨੂੰ ਜਾਰੀ ਕੀਤਾ ਨੋਟਿਸ, ਪੁੱਛਿਆ-ਕਿਉਂ ਨਾ ਨਵੀਂ ਕਮੇਟੀ 'ਤੇ ਪਾਬੰਦੀ ਲਾਈ ਜਾਵੇ?
- 'ਸ਼ਹੀਦ ਭਗਤ ਸਿੰਘ ਤੇ ਬੀ.ਆਰ. ਅੰਬੇਡਕਰ ਦੇ ਬਰਾਬਰ CM ਕੇਜਰੀਵਾਲ ਦੀ ਫੋਟੋ ਕਿੰਨੀ ਕੁ ਜਾਇਜ਼ ?'
-