ਸਾਲ 2013 ਜਬਰ ਜਨਾਹ ਮਾਮਲੇ 'ਚ ਆਸਾਰਾਮ ਦੋਸ਼ੀ ਕਰਾਰ, ਭਲਕੇ ਸੁਣਾਈ ਜਾਵੇਗੀ ਸਜ਼ਾ
Self-Styled Godman Asaram Convicted: ਆਸਾਰਾਮ ਬਾਪੂ ਨੂੰ ਸੈਸ਼ਨ ਅਦਾਲਤ ਨੇ 2013 ਦੇ ਬਲਾਤਕਾਰ ਕੇਸ ਵਿੱਚ ਦੋਸ਼ੀ ਪਾਇਆ ਹੈ ਅਤੇ ਕਿਹਾ ਕਿ ਸਜ਼ਾ ਦਾ ਐਲਾਨ ਭਲਕੇ ਕੀਤਾ ਜਾਵੇਗਾ। ਉਸ ਕੇਸ ਵਿੱਚ ਅਦਾਲਤ ਨੇ ਬਾਕੀ ਮੁਲਜ਼ਮਾਂ ਨੂੰ ਬੇਕਸੂਰ ਦੱਸਦਿਆਂ ਬਰੀ ਕਰ ਦਿੱਤਾ ਸੀ। ਅਜਿਹੇ 'ਚ ਇਕ ਨੂੰ ਰਾਹਤ ਮਿਲੀ ਤਾਂ ਦੂਜੇ ਨੂੰ ਵੱਡਾ ਝਟਕਾ।
ਕੀ ਹੈ ਪੂਰਾ ਮਾਮਲਾ?
ਦੱਸਣਯੋਗ ਹੈ ਕਿ ਸਾਲ 2013 ਦੇ ਇਸ ਮਾਮਲੇ 'ਚ ਆਸਾਰਾਮ 'ਤੇ ਸੂਰਤ ਦੀ ਇਕ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਸੀ। ਇਸ ਦੇ ਨਾਲ ਹੀ ਨਰਾਇਣ ਸਾਈਂ 'ਤੇ ਉਸੇ ਪੀੜਤਾ ਦੀ ਛੋਟੀ ਭੈਣ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਇਸ ਮਾਮਲੇ 'ਚ ਆਸਾਰਾਮ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਲਕਸ਼ਮੀ, ਬੇਟੀ ਭਾਰਤੀ ਅਤੇ ਚਾਰ ਮਹਿਲਾ ਚੇਲੇ ਧਰੁਵਬੇਨ, ਨਿਰਮਲਾ, ਜੱਸੀ ਅਤੇ ਮੀਰਾ ਆਰੋਪੀ ਹਨ।
ਵੈਸੇ ਇਸ ਵਾਰ ਆਸਾਰਾਮ ਨੂੰ ਵਰਚੁਅਲ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਸੁਣਵਾਈ ਤੋਂ ਬਾਅਦ ਅਦਾਲਤ ਨੇ ਆਸਾਰਾਮ ਨੂੰ ਦੋਸ਼ੀ ਪਾਇਆ ਪਰ ਸਜ਼ਾ ਦਾ ਐਲਾਨ ਨਹੀਂ ਕੀਤਾ ਤੇ ਕਿਹਾ ਗਿਆ ਕਿ ਸਜ਼ਾ ਬਾਰੇ ਫੈਸਲਾ ਕੱਲ੍ਹ ਦਿੱਤਾ ਜਾਵੇਗਾ।
ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਆਸਾਰਾਮ ਪਹਿਲਾਂ ਹੀ ਬਲਾਤਕਾਰ ਦੇ ਇੱਕ ਹੋਰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਸਮੇਂ ਉਹ ਜੋਧਪੁਰ ਜੇਲ੍ਹ ਵਿੱਚ ਬੰਦ ਹੈ। ਉਂਝ ਇਸ ਤੋਂ ਪਹਿਲਾਂ ਵੀ ਜਦੋਂ ਵੀ ਆਸਾਰਾਮ ਨੂੰ ਅਦਾਲਤ ਤੋਂ ਰਾਹਤ ਮਿਲਣ ਦੀ ਉਮੀਦ ਜਤਾਈ ਗਈ ਹੈ ਤਾਂ ਉਸ ਨੂੰ ਅਦਾਲਤ ਤੋਂ ਝਟਕਾ ਲੱਗਾ ਹੈ।
ਪਿਛਲੇ ਸਾਲ ਨਵੰਬਰ 'ਚ ਵੀ ਆਸਾਰਾਮ ਦੀ ਜ਼ਮਾਨਤ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਸੀ। ਉਸ ਸਮੇਂ ਆਸਾਰਾਮ ਨੇ ਕਿਹਾ ਸੀ ਕਿ ਉਨ੍ਹਾਂ ਦੀ ਬੁਢਾਪੇ ਅਤੇ ਖ਼ਰਾਬ ਸਿਹਤ ਕਾਰਨ ਉਨ੍ਹਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਪਰ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਜਿਹਾ ਨਹੀਂ ਕੀਤਾ। ਹੁਣ ਇੱਕ ਪਾਸੇ ਉਸ ਪੁਰਾਣੇ ਕੇਸ ਵਿੱਚ ਸਜ਼ਾ ਸੁਣਾਈ ਜਾ ਰਹੀ ਹੈ, ਉਥੇ ਹੀ ਸੂਰਤ ਕੇਸ ਵਿੱਚ ਵੀ ਸਜ਼ਾ ਦਾ ਐਲਾਨ ਹੋਣ ਜਾ ਰਿਹਾ ਹੈ। ਭਾਵ ਲੰਬੇ ਸਮੇਂ ਲਈ ਆਸਾਰਾਮ ਨੂੰ ਕੋਈ ਰਾਹਤ ਨਹੀਂ ਮਿਲਣ ਵਾਲੀ ਹੈ।
- PTC NEWS