Punjab Floods : "ਹਾਈਕੋਰਟ ਦੇ ਸਿਟਿੰਗ ਜੱਜ ਕੋਲੋਂ ਹੋਣੀ ਚਾਹੀਦੀ ਹੈ ਹੜ੍ਹਾਂ ਦੀ ਜਾਂਚ" ਬਲਬੀਰ ਸਿੰਘ ਰਾਜੇਵਾਲ ਨੇ ਸੁਖਬੀਰ ਸਿੰਘ ਬਾਦਲ ਦੀ ਕੀਤੀ ਸ਼ਲਾਘਾ
Balbir Singh Rajewal on Punjab Floods : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਵੱਡੀ ਮੰਗ ਰੱਖੀ ਹੈ। ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਹੜ੍ਹਾਂ ਦੇ ਕਾਰਨਾਂ ਪਿੱਛੇ ਹਾਈਕੋਰਟ ਦੇ ਸੀਟਿੰਗ ਜੱਜ ਕੋਲੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।
''ਪੰਜਾਬ 'ਚ ਹੜ੍ਹਾਂ ਲਈ ਪੰਜਾਬ ਸਰਕਾਰ ਤੇ ਬੀਬੀਐਮਬੀ ਭਾਈਵਾਲ''
ਕਿਸਾਨ ਆਗੂ ਨੇ ਹੜ੍ਹਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਹਨ ਅਤੇ ਪੰਜਾਬ ਤੇ ਬੀਬੀਐਮਬੀ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਬੀਬੀਐਮਬੀ ਨੂੰ ਪੰਜਾਬ ਵਿੱਚ ਹੜ੍ਹਾਂ ਲਈ ਭਾਈਵਾਲ ਦੱਸਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਇਹ ਹੜ੍ਹ ਕੁਦਰਤੀ ਨਹੀਂ, ਸਗੋਂ Manmade ਹੈ, ਜਿਸ ਦੀ ਹਾਈ ਕੋਰਟ ਦੇ ਸਿਟਿੰਗ ਜੱਜ ਕੋਲੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਹੁਣ ਜਦੋਂ ਪੰਜਾਬ ਦੇ ਲੋਕ ਹੜ੍ਹਾਂ ਵਿੱਚ ਦੁੱਖ ਝੱਲ ਰਹੇ ਹਨ ਤਾਂ ਮੌਕੇ ਦੀ ਸਰਕਾਰ ਕਿੱਥੇ ਹੈ? ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਨਜਰਅੰਦਾਜ ਕੀਤਾ ਹੈ, ਇਹ ਹੁਣ ਇਤਿਹਾਸ ਸਿਰਜਿਆ ਜਾਵੇਗਾ।
ਕੀ ਪੰਜਾਬ 'ਚ ਹੜ੍ਹਾਂ ਪਿੱਛੇ ਹੈ ਸਾਜਿਸ਼ ? : ਰਾਜੇਵਾਲ
ਉਨ੍ਹਾਂ ਹੜ੍ਹਾਂ ਦੇ ਕਾਰਨਾਂ ਪਿੱਛੇ ਸਵਾਲ ਖੜਾ ਕੀਤਾ ਕਿ ਕੈਲੰਡਰ ਮੁਤਾਬਿਕ ਡੈਮਾਂ 'ਚ ਪਾਣੀ ਭਰਨਾ ਅਤੇ ਖਾਲੀ ਕਰਨਾ ਹੁੰਦਾ ਹੈ, ਪਰ ਅਜਿਹਾ ਨਹੀਂ ਕੀਤਾ। ਇਸ ਸਭ ਲਈ ਭਾਈਵਾਲ ਪੰਜਾਬ ਸਰਕਾਰ ਹੈ ਅਤੇ ਬੀਬੀਐਮਬੀ ਦੋਵੇਂ ਜ਼ਿੰਮੇਵਾਰ ਹਨ। ਉਨ੍ਹਾਂ ਇਹ ਵੀ ਸਵਾਲ ਚੁੱਕਿਆ ਕਿ, ''ਲੈਫਟੀਨੈਂਟ ਕਰਨਲ ਦੇ ਬਿਆਨ ਮੁਤਾਬਿਕ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ Water Bomb ਹੈ, ਜਦੋਂ ਵੀ ਲੋੜ ਹੋਈ ਅਸੀਂ ਪਾਕਿਸਤਾਨ ਨੂੰ ਇਸੇ ਤਰੀਕੇ ਨਾਲ ਡੁਬਾ ਹਾਂ, ਸਾਨੂੰ ਲਗਦਾ ਹੈ ਕਿ ਇਹ ਸਾਜਿਸ਼ ਸਾਡੇ ਨਾਲ ਵੀ ਤਾਂ ਨਹੀਂ ਕੀਤੀ ਗਈ ? ਕਿਉਂਕਿ ਜਦੋਂ ਦੇਸ਼ ਨੂੰ ਲੋੜ ਹੁੰਦੀ ਹੈ, ਉਦੋਂ ਪੰਜਾਬੀ ਸਭ ਤੋਂ ਅੱਗੇ ਪੰਜਾਬੀ ਦੋਸਤ, ਜਦੋਂ ਮਤਲਬ ਨਿਕਲ ਕੇ ਫਿਰ ਪੰਜਾਬੀ ਦੁਸ਼ਮਣ।''
ਲੋਕਾਂ ਨੂੰ ਕੀਤੀ ਅਪੀਲ
ਕਿਸਾਨ ਆਗੂ ਨੇ ਕਿਹਾ, ''ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਹੁਣ ਲੋਕਾਂ ਨੂੰ ਰਾਸ਼ਨ ਨਾ ਦਿਓ, ਅਜੇ ਥੋੜਾ ਰੁਕ ਜਾਵੋ, ਜਾਂ ਫਿਰ ਲੋਕਾਂ ਲਈ ਲੰਗਰ ਬਣਾ ਕੇ ਲੈ ਜਾਓ। ਅਜੇ ਸਾਨੂੰ ਬਹੁਤ ਲੋੜ ਹੈ, ਜਦੋਂ ਪਾਣੀ ਹੇਠਾਂ ਹੋਣਾ ਹੈ ਉਦੋਂ ਸਾਨੂੰ ਪੈਲੀਆਂ 'ਚ ਮਿੱਟੀ ਕੱਢਣੀ, ਗਾਰਾ ਕੱਢਣਾ, ਰੇਤਾ ਕੱਢਣਾ, ਸਭ ਲਈ ਸਾਨੂੰ ਲੋੜ ਹੈ।ਉਨ੍ਹਾਂ ਕਿਹਾ ਕਿ ਸਾਡੇ ਕਲਾਕਾਰਾਂ ਨੇ ਬਹੁਤ ਮਦਦ ਕੀਤੀ ਹੈ, ਜਦੋਂ ਮੁੜ ਵਸੇਬਾ ਕਰਨਾ ਉਦੋਂ ਸਾਨੂੰ ਲੋਕਾਂ ਨੂੰ ਦਿਲਾਸਾ ਦੇਣ ਦਾ ਸਮਾਂ ਹੈ, ਪਿਆਰ ਦੇਣਾ ਦਾ ਸਮਾਂ ਹੈ।
ਸੀਐਮ ਮਾਨ 'ਤੇ ਕੱਸਿਆ ਤੰਜ
ਕਿਸਾਨ ਆਗੂ ਨੇ ਸੀਐਮ ਮਾਨ 'ਤੇ ਤੰਜ ਕਸਦਿਆਂ ਕਿਹਾ, ''ਮੈਂ ਪੰਜਾਬ 'ਚ ਸਰਕਾਰ ਨੂੰ ਮੰਨਦਾ ਹੀ ਨਹੀਂ, ਕਿਉੰਕਿ ਪੰਜਾਬ ਦਾ ਜਿੰਮੇਵਾਰ ਮੁੱਖ ਮੰਤਰੀ ਹੈ, ਪਹਿਲਾਂ ਜਦੋਂ ਲੋਕ ਡੁੱਬ ਰਹੇ ਸੀ ਉਦੋਂ ਇਹ ਸੈਰ ਕਰਦਾ ਫਿਰਦਾ ਸੀ। ਹੁਣ ਸਾਰਾ ਪੰਜਾਬ ਡੁੱਬ ਰਿਹਾ, ਮੁੱਖ ਮੰਤਰੀ ਹਸਪਤਾਲ ਦਾਖਲ ਹੋਇਆ। ਕਹਿ ਰਹੇ ਨੇ ਕਿ ਧੜਕਣ ਘਟੀ ਹੈ, ਮੈਨੂੰ ਸ਼ੱਕ ਹੈ, ਇਹ ਸਭ ਸ਼ਰਾਬ ਵੱਧ ਪੀਤੀ ਦਾ ਅਸਰ ਹੈ। ਇਸਦਾ ਵਿਹਾਰ ਮੁੱਖ ਮੰਤਰੀ ਵਾਲਾ ਹੈ ਨਹੀਂ।''
ਸੁਖਬੀਰ ਸਿੰਘ ਦੀ ਕੀਤੀ ਸ਼ਲਾਘਾ
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਨ੍ਹਾਂ ਹੜ੍ਹਾਂ ਵਿੱਚ ਜੇਕਰ ਕੋਈ ਸੱਚਮੁੱਚ ਪੀੜਤਾਂ ਨਾਲ ਖੜਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ, ਜਿਹੜੇ ਲਗਾਤਾਰ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਅਤੇ ਮੌਕੇ 'ਤੇ ਲੋਕਾਂ ਨੂੰ ਬੰਨ੍ਹ ਮਜ਼ਬੂਤ ਕਰਨ ਲਈ ਮਾਲੀ ਮਦਦ ਦੇ ਰਹੇ ਹਨ ਅਤੇ ਹੋਰ ਸਮੱਗਰੀ ਮੁਹਈਆ ਕਰਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ ਹੀ ਪੰਜਾਬੀਆਂ ਨਾਲ ਖੜਾ ਹੈ ਤੇ ਅਸੀਂ ਉਸਦੀ ਹੌਂਸਲਾ ਅਫਜ਼ਾਈ ਕਰਦੇ ਹਾਂ। ਬਾਕੀ ਤਾਂ ਸਭ ਡਰਾਮੇ ਕਰਦੇ ਫਿਰਦੇ ਹਨ।
- PTC NEWS