Batala News : ਪੋਤੀ ਦੇ ਵਿਆਹ ਦੀ ਸ਼ਾਪਿੰਗ ਕਰਨ ਜਾ ਰਹੇ ਦਾਦਾ-ਦਾਦੀ ਨਾਲ ਵਾਪਰਿਆ ਹਾਦਸਾ, ਦਾਦੀ ਦੀ ਮੌਤ
Road Accident in Batala : ਬਟਾਲਾ ਦੇ ਨੇੜਲੇ ਪਿੰਡ ਧੌਲਪੁਰ 'ਚ ਇੱਕ ਪਰਿਵਾਰ 'ਚ ਵਿਆਹ ਦੀਆਂ ਖੁਸ਼ੀਆਂ ਉਦੋਂ ਗਮ 'ਚ ਤਬਦੀਲ ਹੋ ਗਈਆਂ, ਜਦੋਂਂ ਘਰ 'ਚ ਕੁੜੀ ਦੀ ਦਾਦੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੋਤੀ ਦੇ ਵਿਆਹ ਦੀ ਖੁਸ਼ੀ 'ਚ ਦਾਦਾ-ਦਾਦੀ ਸਕੂਟਰੀ 'ਤੇ ਸਵਾਰ ਹੋ ਕੇ ਕੁੜੀ ਲਈ ਸ਼ਾਪਿੰਗ ਕਰਨ ਜਾ ਰਹੇ ਸਨ, ਜਿਸ ਦੌਰਾਨ ਟਰੱਕ ਦੀ ਫੇਟ ਕਾਰਨ ਹਾਦਸੇ 'ਚ ਦਾਦੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਐਕਟਿਵਾ ਨੂੰ ਟੱਕਰ ਮਾਰ ਕੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਨੇੜਲੇ ਪਿੰਡ ਧੌਲਪੁਰ ਦੇ ਰਹਿਣ ਵਾਲੇ ਬਜ਼ੁਰਗ ਪਤੀ-ਪਤਨੀ ਘਰ ਤੋਂ ਆਪਣੀ ਪੋਤਰੀ ਦੇ ਵਿਆਹ ਦੀਆਂ ਤਿਆਰੀਆਂ ਲਈ ਬਟਾਲਾ ਸਾਮਾਨ ਖ਼ਰੀਦਣ ਆਜ ਸ਼ਾਮ ਐਕਟਿਵਾ 'ਤੇ ਨਿਕਲੇ ਸਨ। ਇਸ ਦੌਰਾਨ ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਜਦ ਪਹੁੰਚੇ ਤਾਂ ਅੰਮ੍ਰਿਤਸਰ ਵਾਲੇ ਪਾਸੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਨੂੰ ਸਾਈਡ ਮਾਰ ਦਿੱਤੀ। ਨਤੀਜੇ ਵਜੋਂ ਐਕਟਿਵਾ 'ਤੇ ਪਿੱਛੇ ਬੈਠੀ ਬਜ਼ੁਰਗ ਔਰਤ ਨਰਿੰਦਰ ਕੌਰ (ਉਮਰ 65 ਸਾਲ) ਦੀ ਹਾਦਸੇ 'ਚ ਮੌਕੇ 'ਤੇ ਮੌਤ ਹੋ ਗਈ। ਜਦਕਿ ਐਕਟਿਵਾ ਚਲਾ ਰਹੇ ਬਜ਼ੁਰਗ ਨਰਿੰਦਰ ਕੌਰ ਦੇ ਪਤੀ ਦੇ ਮਾਮੂਲੀ ਸੱਟਾਂ ਲੱਗੀਆਂ।
ਦੱਸਿਆ ਜਾ ਰਿਹਾ ਹੈ ਕਿ ਫੇਟ ਮਾਰਨ ਪਿੱਛੋਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਧਰ, ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਘਰ 'ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਸੀ, ਪਰ ਹਾਦਸੇ ਨੇ ਉਨ੍ਹਾਂ ਦੇ ਵਿਆਹ ਦੀ ਖੁਸ਼ੀ ਨੂੰਗਮ 'ਚ ਤਬਦੀਲ ਕਰਕੇ ਰੱਖ ਦਿੱਤਾ ਹੈ।
- PTC NEWS