ਕੇਜਰੀਵਾਲ ਦੀ ਪੰਜਾਬ ਫੇਰੀ ਤੋਂ ਪਹਿਲਾਂ ਹਸਪਤਾਲ ਦਾ ਉਦਘਾਟਨੀ ਸਮਾਰੋਹ ਵਿਵਾਦਾਂ 'ਚ ਘਿਰਿਆ
ਪਟਿਆਲਾ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 2 ਅਕਤੂਬਰ ਦੀ ਪਟਿਆਲਾ ਫੇਰੀ ਵਿਵਾਦਾਂ 'ਚ ਘਿਰਦੀ ਨਜ਼ਰ ਆ ਰਹੀ ਹੈ। ਗਾਂਧੀ ਜਯੰਤੀ ਦੇ ਦਿਨ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਪਟਿਆਲਾ ਦੇ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਬਣ ਰਹੇ ICU ਅਤੇ NICU ਦਾ ਉਦਘਾਟਨ ਕੀਤਾ ਜਾਣਾ ਹੈ।
ਪਟਿਆਲਾ ਦੀਆਂ ਵੱਖ-ਵੱਖ ਡਿਸਪੈਂਸਰੀਆਂ ਤੋਂ ਸਟਾਫ਼ ਨੂੰ ICU ਤੇ NICU 'ਚ ਤਾਇਨਾਤ ਕਰ ਦਿੱਤਾ ਗਿਆ ਹੈ। ਜਿਸ ਦੀ ਹੁਣ ਵਿਆਪਕ ਤੌਰ 'ਤੇ ਆਲੋਚਨਾ ਵੀ ਹੋ ਰਹੀ ਹੈ। RTI ਕਾਰਕੁੰਨ ਮਾਨਿਕ ਗੋਇਲ ਵੱਲੋਂ ਇਸ ਸਬੰਧੀ ਆਪਣੇ ਫੇਸਬੁੱਕ 'ਤੇ ਪੋਸਟ ਵੀ ਸਾਂਝੀ ਕੀਤੀ ਗਈ ਹੈ।
ਉਨ੍ਹਾਂ ਕਿਹਾ, "ਕੇਜਰੀਵਾਲ ਦੀ ਪੰਜਾਬ ਫੇਰੀ ਲਈ ਅੱਗਾ ਦੌੜ ਪਿੱਛਾ ਚੌੜ ਕਰਨ 'ਤੇ ਲੱਗੀ ਸਰਕਾਰ 2 ਅਕਤੂਬਰ ਨੂੰ ਕੇਜਰੀਵਾਲ ਨੇ ਪਟਿਆਲਾ ਦੇ ਮਾਤਾ ਕੁਸ਼ੱਲਿਆ ਹਸਪਤਾਲ ਦੇ ICU ਦਾ ਉਦਘਾਟਨ ਕਰਨਾ ਹੈ। ਜਿਸਦਾ ਨਾਂ ਕੋਈ ਪੱਕਾ ਸਟਾਫ ਹੈ ਨਾਂ ਹੀ ਨਰਸਾਂ ਅਤੇ ਨਾਂ ਹੀ ਕੋਈ ਸਹੂਲਤ ਦਾ ਪ੍ਰਬੰਧ।"

ਉਨ੍ਹਾਂ ਕਿਹਾ, "ਮੌਕੇ 'ਤੇ ਫੋਟੋਆਂ ਖਿਚਾਉਣ ਲਈ ਹੋਰ ਡਿਸਪੈਂਸਰੀਆਂ 'ਚ ਭਰਤੀ ਸਟਾਫ ਨੂੰ ਆਰਜੀ ਤੌਰ ਤੇ ਬੁਲਾਇਆ ਗਿਆ ਹੈ ਅਤੇ ਸਮਾਨ ਲਿਆਉਣ ਲਈ ਸਮਿਤੀ ਬਣਾ ਕੇ ਲੋਕਾਂ ਤੋਂ ਪੈਸੇ ਕੱਠੇ ਕੀਤੇ ਜਾ ਰਹੇ ਹਨ। ਇਹ ਅੱਗਾ ਦੌੜ ਤੇ ਪਿੱਛਾ ਚੌੜ ਹੀ ਹੈ। ਜਦੋਂ ਪ੍ਰਬੰਧ ਪੂਰੇ ਨੀ ਤਾਂ ਉਦਘਾਟਨ ਕਿਉਂ ਕਰਨਾ? ਕੀ ਸਿਹਤ ਸੁਵਿਧਾਵਾਂ ਜਾਂ ICU ਮਜਾਕ ਹੈ ? ਸਿਰਫ ਕੇਜਰੀਵਾਲ ਦੇ ਗੇੜੇ ਕਰਕੇ ਹੋਰ ਡਿਸਪੈਂਸਰੀਆ ਕਿਉੰ ਖਾਲੀ ਕੀਤੀਆਂ ਜਾ ਰਹੀਆ ਹਨ?"
ਉਨ੍ਹਾਂ ਅੱਗੇ ਕਿਹਾ, "ਪੰਜਾਬ 'ਚ ਇੰਝ ਲਗਦਾ ਕਿ ਸਰਕਾਰ ਨਹੀਂ ਸਿਰਫ ਫੋਟੋਸ਼ੂਟ ਤੇ ਡਰਾਮਾ ਚੱਲ ਰਿਹਾ ਹੈ ਤਾਂ ਕਿ ਲੋਕਾਂ ਨੂੰ ਮੂਰਖ ਬਣਾਇਆ ਜਾ ਸਕੇ। ਨਾਲੇ ਕੇਜਰੀਵਾਲ ਹੈ ਕੌਣ ਪੰਜਾਬ ਦੇ ਹਸਪਤਾਲਾਂ ਦਾ ਉਦਘਾਟਨ ਕਰਨ ਵਾਲਾ?"
ਉੱਥੇ ਹੀ ਦੂਜੇ ਪਾਸੇ ਮਾਤਾ ਕੁਸ਼ਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਜਗਪਾਲਇੰਦਰ ਸਿੰਘ ਨੇ ਕਿਹਾ ਕਿ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਜਿਹੜਾ ਸਟਾਫ਼ ਵਿਹਲਾ ਸੀ, ਉਸ ਦੀ ਤਾਇਨਾਤੀ ICU 'ਚ ਕੀਤੀ ਗਈ ਹੈ।

ਪਟਿਆਲਾ ਦੇ ਸਾਬਕਾ ਐੱਮ.ਪੀ. ਡਾ: ਧਰਮਵੀਰ ਗਾਂਧੀ ਨੇ ਵੀ ਇਸ ਮਾਮਲੇ 'ਤੇ 'ਆਪ' ਸਰਕਾਰ ਨੂੰ ਕਰੜੇ ਹਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਆਉਣ ਵਾਲੇ 25 ਹਜ਼ਾਰ ਲੋਕਾਂ ਦੇ ਖਾਣੇ ਦੇ ਲਈ ਜ਼ਿਲ੍ਹਾ ਪ੍ਰਸ਼ਾਸ਼ਨ 'ਤੇ ਜ਼ੋਰ ਪਾਇਆ ਜਾ ਰਿਹਾ ਹੈ। ਜਿਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 25 ਹਜ਼ਾਰ ਲੋਕਾਂ ਦੇ ਖਾਣੇ ਦੇ ਲਈ 20 ਲੱਖ ਦਾ ਖ਼ਰਚਾ ਆਵੇਗਾ, ਜਿਸ ਲਈ ਪ੍ਰਸਾਸ਼ਨ ਨੇ ਹੱਥ ਖੜ੍ਹੇ ਕਰ ਦਿੱਤੇ ਹਨ।
ਉਨ੍ਹਾਂ ਕਿਹਾ, "ਮੈਨੂੰ ਆਪਣੇ ਬੜੇ ਹੀ ਭਰਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਕਿ ਭਗਵੰਤ ਮਾਨ ਦੀ ਸਰਕਾਰ 2 ਅਕਤੂਬਰ ਨੂੰ ਸਹਿਤ ਵਿਭਾਗ ਸਬੰਧੀ ਸਮਾਗਮ ਕਰਵਾਉਣ ਜਾ ਰਹੀ ਹੈ। ਜਿਸ ਦੀਆਂ ਤਿਆਰੀਆਂ ਨੂੰ ਲੈਕੇ ਜ਼ਿਲ੍ਹਾ ਪ੍ਰਸ਼ਾਸਨ ਕਾਫ਼ੀ ਔਖਾ ਹੈ। ਇੱਕ ਪਾਸੇ ਤਾਂ ਮਾਨ ਸਰਕਾਰ ਪਟਵਾਰੀਆਂ ਤੇ ਕਾਨੂੰਨਗੋਆਂ 'ਤੇ ਦਬਾਅ ਪਾਉਂਦੇ ਕਿ ਤੁਸੀਂ ਪੈਸੇ ਕੱਠੇ ਕਰਦੇ। ਦੂਜੇ ਪਾਸੇ ਖ਼ੁਦ ਆਪਣੇ ਸਿਆਸੀ ਪ੍ਰੋਗਰਾਮਾਂ ਵਾਸਤੇ ਅਫ਼ਸਰਸ਼ਾਹੀ ਨੂੰ ਵਰਤਿਆ ਜਾਂਦਾ ਹੈ।"
ਉਨ੍ਹਾਂ ਕਿਹਾ, "ਭਗਵੰਤ ਸਰਕਾਰ ਦਾ ਦੋਗਲਾ ਚਰਿੱਤਰ ਜੱਗ-ਜ਼ਾਹਿਰ ਹੋ ਰਿਹਾ।"
- ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ
- PTC NEWS