Bikram Singh Majithia : ਭਗਵੰਤ ਮਾਨ ਸਰਕਾਰ ਨਿੱਜੀ ਰੰਜਿਸ਼ਾਂ ਕੱਢ ਕੇ ਸਰਕਾਰ ਖਿਲਾਫ਼ ਆਵਾਜ਼ ਚੁੱਕਣ ਵਾਲੇ ਲੀਡਰਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ : ਚਰਨਜੀਤ ਚੰਨੀ
Bikram Singh Majithia : ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਬਿਕਰਮ ਮਜੀਠੀਆ 'ਤੇ ਵਿਜੀਲੈਂਸ ਵੱਲੋਂ ਕੀਤੀ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨਿੱਜੀ ਰੰਜਿਸ਼ਾਂ ਕੱਢ ਕੇ ਸਰਕਾਰ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਲੀਡਰਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਚੰਨੀ ਨੇ ਕਿਹਾ ਕਿ ਭਾਵੇਂ ਕਿ ਮਜੀਠੀਆ ਨਾਲ ਉਨਾਂ ਦਾ ਰਾਜਨੀਤਕ ਤੇ ਸਿਧਾਂਤਕ ਵਿਰੋਧ ਹੈ ਪਰ ਵਿਜੀਲੈਂਸ ਦੀ ਇਹ ਕਾਰਵਾਈ ਸਿਆਸੀ ਤੇ ਨਿੱਜੀ ਵਿਰੋਧ ਤੋਂ ਇਲਾਵਾ ਕੁੱਝ ਨਹੀਂ ਹੈ।
ਉਨ੍ਹਾਂ ਕਿਹਾ ਕਿ ਮਜੀਠੀਆ 'ਤੇ ਦਰਜ ਪਹਿਲਾ ਮਾਮਲੇ ਵਿੱਚ ਤਾਂ ਸਰਕਾਰ ਨੇ ਕੋਈ ਪੈਰਵਾਈ ਨਹੀਂ ਕੀਤੀ ਪਰ ਮਜੀਠੀਆ ਤੋਂ ਮਾਫ਼ੀ ਮੰਗ ਚੁੱਕੇ ਅਰਵਿੰਦ ਕੇਜਰੀਵਾਲ ਹੁਣ ਕਾਰਵਾਈ ਕਰਵਾ ਕੇ ਕਿਹੜਾ ਯੁੱਧ ਨਸ਼ਿਆ ਵਿਰੁੱਧ ਲੜ ਰਹੇ ਜਦ ਕਿ ਪਰਚਾ ਵਾਧੂ ਜਾਇਦਾਦ ਦਾ ਬਹਾਨਾ ਬਣਾ ਕੇ ਦਿੱਤਾ ਗਿਆ ਹੈ। ਉਨ੍ਹਾਂ ਸ਼ੰਕਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਰਗਟ ਸਿੰਘ ਤੇ ਹੋਰ ਵਿਰੋਧੀ ਨੇਤਾਵਾਂ 'ਤੇ ਵੀ ਪਰਚੇ ਕਰਨ ਦੀ ਤਿਆਰੀ ਕਰ ਰਹੀ ਹੈ।
ਜਦਕਿ ਇਸਦੇ ਲਈ ਇਹ ਵਿਉਂਤਬੰਦੀ ਘੜ ਕੇ ਪਹਿਲਾਂ ਆਪਣੇ ਲੀਡਰਾਂ 'ਤੇ ਕਾਰਵਾਈ ਕਰਦੇ ਹਨ ਤੇ ਬਾਅਦ ਵਿੱਚ ਉਨ੍ਹਾਂ ਦੇ ਕੇਸ ਰੱਦ ਕਰ ਦਿੱਤੇ ਜਾਂਦੇ ਹਨ ਤੇ ਵਿਰੋਧੀ ਲੀਡਰਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਜਦੋਂ ਕਿ ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ 'ਤੇ ਦਰਜ ਕੀਤੇ ਗਏ ਪਰਚੇ ਵਿਚ ਸਰਕਾਰ ਫੇਲ ਸਾਬਤ ਹੋ ਚੁੱਕੀ ਹੈ। ਚੰਨੀ ਨੇ ਮਜੀਠੀਆ ਦੀ ਵਿਧਾਇਕ ਪਤਨੀ ਨਾਲ ਦੁਰਵਿਵਹਾਰ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਤੇ ਇਹ ਹਰਕਤ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਹੈ। ਚੰਨੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਵਜੋਂ ਕੰਮ ਕਰ ਰਿਹਾ ਹੈ ਤੇ ਦਿੱਲੀ ਦੇ ਲੀਡਰਾਂ ਦਾ ਪੰਜਾਬ ਵਿੱਚ ਸਥਾਪਤ ਕੀਤਾ ਜਾ ਰਿਹਾ ਰਾਜ ਪੰਜਾਬ ਲਈ ਖ਼ਤਰੇ ਦੀ ਘੰਟੀ ਹੈ।
ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 3 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਵਿਜੀਲੈਂਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਨੂੰ ਹੁਣ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਘਰ ਤੋਂ ਮੋਹਾਲੀ ਲਿਜਾਇਆ ਜਾ ਗਿਆ ਹੈ। ਬੁੱਧਵਾਰ ਸਵੇਰੇ 15 ਅਧਿਕਾਰੀਆਂ ਦੀ ਇੱਕ ਟੀਮ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਗ੍ਰੀਨ ਐਵੇਨਿਊ ਸਥਿਤ ਘਰ ਪਹੁੰਚੀ ਸੀ। ਵਿਜੀਲੈਂਸ ਦੇ ਐਸਐਸਪੀ ਲਖਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਮਜੀਠੀਆ ਦੇ ਘਰ ਪਹੁੰਚੀ ਸੀ।
- PTC NEWS