Bhakra Dam : 4-4 ਫੁੱਟ ਤੱਕ ਖੋਲ੍ਹੇ ਭਾਖੜਾ ਡੈਮ ਦੇ ਚਾਰੇ ਫਲੱਡ ਗੇਟ, ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 3 ਫੁੱਟ ਹੇਠਾਂ ਪਾਣੀ
Bhakra Dam : ਪੰਜਾਬ ਦੇ 12 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਮੋਗਾ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ, ਪਟਿਆਲਾ, ਮੋਹਾਲੀ, ਕਪੂਰਥਲਾ, ਜਲੰਧਰ ਅਤੇ ਲੁਧਿਆਣਾ ਸ਼ਾਮਲ ਹਨ। ਜਲੰਧਰ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 1312 ਪਿੰਡ ਪ੍ਰਭਾਵਿਤ ਹੋਏ ਹਨ। ਮੀਂਹ ਲਈ ਔਰੇਂਜ ਅਲਰਟ ਅੱਜ ਵੀ ਲਾਗੂ ਹੈ। ਉੱਧਰ ਭਾਖੜਾ ਵੱਲੋਂ ਕੋਈ ਰਾਹਤ ਭਰੀ ਖ਼ਬਰ ਨਹੀਂ ਆ ਰਹੀ।
ਜਾਣਕਾਰੀ ਅਨੁਸਾਰ ਭਾਖੜਾ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਤਿੰਨ ਫੁੱਟ ਹੇਠਾਂ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਖੜਾ ਡੈਮ ਦੀ ਗੋਵਿੰਦ ਸਾਗਰ ਝੀਲ ਦਾ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ ਅਤੇ ਇਸ ਵੇਲੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਲਗਭਗ 3 ਫੁੱਟ ਹੇਠਾਂ ਰਹਿ ਗਿਆ ਹੈ। ਇਸ ਕਰਕੇ ਭਾਖੜਾ ਡੈਮ ਦੇ ਚਾਰੇ ਫਲੱਡ ਗੇਟ ਚਾਰ-ਚਾਰ ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ। ਅੱਜ ਭਾਖੜਾ ਡੈਮ ਦਾ ਪਾਣੀ ਪੱਧਰ 1676.72 ਫੁੱਟ ਹੈ।
ਅੰਕੜਿਆਂ ਅਨੁਸਾਰ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 1,07,565 ਕਿਊਸਕ ਦਰਜ ਕੀਤੀ ਗਈ ਹੈ, ਜਦਕਿ ਨਿਕਾਸੀ 56 ਹਜ਼ਾਰ ਕਿਊਸਕ ਹੈ। ਇਹ ਪਾਣੀ ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ ਛੱਡਿਆ ਜਾ ਰਿਹਾ ਹੈ।ਨੰਗਲ ਹਾਈਡਲ ਨਹਿਰ ਦਾ ਪਾਣੀ ਪੱਧਰ 9,000 ਕਿਊਸਕ, ਆਨੰਦਪੁਰ ਹਾਈਡਲ ਨਹਿਰ ਦਾ ਪੱਧਰ 2,000 ਕਿਊਸਕ ਅਤੇ ਸਤਲੁਜ ਦਰਿਆ ਵਿੱਚ 54,000 ਕਿਊਸੈਕ ਪਾਣੀ ਵਹਿ ਰਿਹਾ ਹੈ।
ਨੰਗਲ ਭਾਖੜਾ ਫੀਡਰ ਨਹਿਰ 12 ਥਾਵਾਂ ’ਤੇ ਧਸੀ
ਜ਼ਿਲ੍ਹਾ ਰੂਪਨਗਰ ਦੇ ਸ੍ਰੀ ਆਨੰਦਪੁਰ ਸਾਹਿਬ ਖੇਤਰ ਵਿੱਚ ਨੰਗਲ ਭਾਖੜਾ ਫੀਡਰ ਨਹਿਰ (ਜੋ ਰਾਜਸਥਾਨ ਅਤੇ ਹਰਿਆਣਾ ਨੂੰ ਜਾਂਦੀ ਹੈ) ਕੁੱਲ 12 ਥਾਵਾਂ ’ਤੇ ਧਸ ਗਈ ਹੈ। ਇਸ ਤੋਂ ਬਾਅਦ ਲੋਕਾਂ ਅਤੇ ਪ੍ਰਸ਼ਾਸਨ ਨੇ ਇਕੱਠੇ ਮਿਲ ਕੇ ਸਥਿਤੀ ’ਤੇ ਕਾਬੂ ਪਾਇਆ ਹੈ। ਮੰਤਰੀ ਹਰਜੋਤ ਬੈਂਸ ਖੁਦ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਨਾਲ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ।
- PTC NEWS