Bhawanigarh Truck Union : ਭਵਾਨੀਗੜ੍ਹ 'ਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਮਾਹੌਲ ਤਣਾਅਪੂਰਨ, 'ਸੌਦਾ' ਸਿਰ੍ਹੇ ਨਾ ਚੜ੍ਹਨ 'ਤੇ AAP ਵਰਕਰ ਨੇ ਨਿਗਲਿਆ ਜ਼ਹਿਰ
Bhawanigarh Truck Union Dispute : ਸੰਗਰੂਰ ਦੇ ਭਵਾਨੀਗੜ੍ਹ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਇਥੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਇੱਕ ਚਾਹਵਾਨ ਵੱਲੋਂ ਜ਼ਹਿਰ ਨਿਗਲਣ ਲਿਆ ਗਿਆ ਹੈ। ਜ਼ਹਿਰ ਨਿਗਲ ਵਾਲੇ ਮਨਜੀਤ ਸਿੰਘ ਕਾਕਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਭਵਾਨੀਗੜ੍ਹ ਸ੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਭਵਾਨੀਗੜ੍ਹ ਵਿਖੇ ਅੱਜ ਪ੍ਰਧਾਨਗੀ ਨੂੰ ਲੈ ਕੇ ਚੋਣ ਹੋਣੀ ਸੀ, ਜਿਸ ਨੂੰ ਲੈ ਕੇ ਵਿੱਕੀ ਬਾਜਵਾ ਨੂੰ ਪ੍ਰਧਾਨ ਬਣਾਇਆ ਗਿਆ। ਜਦਕਿ ਦੂਜੇ ਪਾਸੇ ਮਨਜੀਤ ਸਿੰਘ ਕਾਕਾ, ਜਿਸ ਨੂੰ ਪ੍ਰਧਾਨਗੀ ਦਾ ਚਾਹਵਾਨ ਕਿਹਾ ਜਾ ਰਿਹਾ ਸੀ ਅਤੇ ਉਸ ਵੱਲੋਂ ਟਰੱਕ ਯੂਨੀਅਨ ਦੇ ਵਿੱਚ ਹੀ ਜ਼ਹਿਰ ਨਿਗਲ ਲਈ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਗੁਪਤਾ ਲਿਆਂਦਾ ਗਿਆ।
ਮਨਜੀਤ ਸਿੰਘ ਦੇ ਪਰਿਵਾਰ ਨੇ ਲਾਏ ਇਲਜ਼ਾਮ
ਉਧਰ, ਇਸ ਮਾਮਲੇ ਵਿੱਚ ਮਨਜੀਤ ਸਿੰਘ ਦੇ ਪਰਿਵਾਰ ਨੇ ਹਲਕਾ ਵਿਧਾਇਕ 'ਤੇ ਰਿਸ਼ਵਤ ਲੈਣ ਦੇ ਕਥਿਤ ਇਲਜ਼ਾਮ ਲਾਇਆ ਹਨ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਦਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ 30 ਲੱਖ ਰੁਪਏ ਵਿੱਚ ਸੌਦਾ ਹੋਇਆ ਸੀ।
ਪੈਸੇ ਮੋੜਨ ਦੀ ਕਥਿਤ ਵੀਡੀਓ ਆਈ ਸਾਹਮਣੇ
ਮਨਜੀਤ ਸਿੰਘ, ਆਮ ਆਦਮੀ ਪਾਰਟੀ ਦਾ ਵਰਕਰ ਦੱਸਿਆ ਜਾ ਰਿਹਾ ਹੈ। ਪੀੜਤ ਪਰਿਵਾਰ ਨੇ ਇਹ ਵੀ ਕਿਹਾ ਕਿ ਦੂਜੀ ਧਿਰ ਵੱਲੋਂ ਵੱਧ ਪੈਸੇ ਮਿਲਣ ਕਾਰਨ ਵਿਧਾਇਕ ਨੇ ਮਨਜੀਤ ਸਿੰਘ ਨਾਲ ਧੋਖਾ ਕੀਤਾ। ਇਸ ਮਾਮਲੇ 'ਚ ਇੱਕ ਕਥਿਤ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਮਨਜੀਤ ਸਿੰਘ ਨੂੰ ਪੈਸੇ ਵਾਪਸ ਕਰਨ ਸਮੇਂ ਦੀ ਹੈ।
ਮੌਕੇ 'ਤੇ ਪੁਲਿਸ ਪਾਰਟੀ ਵਿੱਚ ਪਹੁੰਚੀ ਹੋਈ ਹੈ ਅਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਲਕਾ ਵਿਧਾਇਕਾ ਨੇ ਲਈ ਮੋਟੀ ਰਿਸ਼ਵਤ : ਵਿਨਰਜੀਤ ਗੋਲਡੀ
ਹਲਕਾ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਵੱਡਾ ਵਿਵਾਦ ਛਿੜਿਆ ਹੋਇਆ ਹੈ। ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ‘ਤੇ ਵੱਡੇ ਦੋਸ਼ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿੰਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਵਿਧਾਇਕਾ ਵੱਲੋਂ 5 ਸਾਲਾਂ ਦੌਰਾਨ ਹਰ ਸਾਲ ਟਰੱਕ ਯੂਨੀਅਨ ਦੇ ਪ੍ਰਧਾਨ ਬਣਨ ਵਾਲਿਆਂ ਤੋਂ 30-30 ਲੱਖ ਦੀ ਰਾਸ਼ੀ ਉਗਰਾਹੀ ਗਈ, ਪਰ ਇਸ ਸਾਲ ਪ੍ਰਧਾਨਗੀ ਦੀ ਚੋਣ ਵੇਲੇ ਕਿਸੇ ਤੀਜੀ ਧਿਰ ਕੋਲੋਂ 55 ਲੱਖ ਦੀ ਰਾਸ਼ੀ ਲੈ ਕੇ, ਇਸ ਸਾਲ ਪ੍ਰਧਾਨ ਬਣਨ ਵਾਲੇ ਮਨਜੀਤ ਸਿੰਘ ਕਾਕਾ ਨੂੰ 30 ਲੱਖ ਦੀ ਰਾਸ਼ੀ ਵਾਪਸ ਕਰ ਦਿੱਤੀ ਗਈ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ, ਜਿਸ ਕਰਕੇ ਮਨਜੀਤ ਸਿੰਘ ਕਾਕਾ ਵੱਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੀ ਜ਼ਿੰਮੇਵਾਰ ਸੰਗਰੂਰ ਦੀ ਵਧਾਇਕਾ ਨਰਿੰਦਰ ਕੌਰ ਭਰਾਜ ਹੈ। ਅਸੀਂ ਮੰਗ ਕਰਦੇ ਹਾਂ ਕਿ ਨਰਿੰਦਰ ਕੌਰ ਭਰਾਜ ਖਿਲਾਫ਼ ਸਖ਼ਤ ਕਾਰਵਾਈ ਹੋਵੇ ਤੇ ਉਸ ਦੀ ਵਿਧਾਇਕਾ ਵਜੋਂ ਮਾਨਤਾ ਨੂੰ ਰੱਦ ਕੀਤਾ ਜਾਵੇ।
- PTC NEWS