ਅਫਗਾਨਿਸਤਾਨ ਖਿਲਾਫ ਮੈਚ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ; ਸਟਾਰ ਖਿਡਾਰੀ ਦੂਜੇ ਮੈਚ ਤੋਂ ਵੀ ਬਾਹਰ
India Vs Afghanistan ICC WC 2023: ਆਸਟ੍ਰੇਲੀਆ ਖਿਲਾਫ ਜਿੱਤ ਤੋਂ ਬਾਅਦ ਭਾਰਤ ਨੂੰ ਹੁਣ 11 ਅਕਤੂਬਰ ਨੂੰ ਅਫਗਾਨਿਸਤਾਨ ਖਿਲਾਫ ਖੇਡਣਾ ਹੈ। ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਡੇਂਗੂ ਤੋਂ ਠੀਕ ਹੋ ਰਹੇ ਸ਼ੁਭਮਨ ਗਿੱਲ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਮੈਚ ਤੋਂ ਬਾਹਰ ਹੋ ਗਏ ਹਨ। ਬੀ.ਸੀ.ਸੀ.ਆਈ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾਵੇਗਾ।
ਬੀ.ਸੀ.ਸੀ.ਆਈ ਨੇ ਜਾਰੀ ਕੀਤਾ ਮੈਡੀਕਲ ਅਪਡੇਟ
ਬੀ.ਸੀ.ਸੀ.ਆਈ ਨੇ ਸ਼ੁਭਮਨ ਬਾਰੇ ਮੈਡੀਕਲ ਅਪਡੇਟ ਦਿੱਤੀ ਹੈ। ਬੋਰਡ ਨੇ ਲਿਖਿਆ - ਟੀਮ ਇੰਡੀਆ ਦੇ ਬੱਲੇਬਾਜ਼ ਸ਼ੁਭਮਨ ਗਿੱਲ 9 ਅਕਤੂਬਰ ਨੂੰ ਟੀਮ ਨਾਲ ਦਿੱਲੀ ਨਹੀਂ ਜਾਣਗੇ। ਇਹ ਸਲਾਮੀ ਬੱਲੇਬਾਜ਼ ਚੇਨਈ ਵਿੱਚ ਆਸਟ੍ਰੇਲੀਆ ਖ਼ਿਲਾਫ਼ ਆਈ.ਸੀ.ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੇ ਪਹਿਲੇ ਮੈਚ ਵਿੱਚ ਨਹੀਂ ਖੇਡ ਸਕਿਆ ਸੀ। ਉਹ 11 ਅਕਤੂਬਰ ਨੂੰ ਦਿੱਲੀ 'ਚ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਟੀਮ ਇੰਡੀਆ ਦੇ ਅਗਲੇ ਮੈਚ 'ਚ ਵੀ ਨਹੀਂ ਖੇਡ ਸਕਣਗੇ। ਸ਼ੁਭਮਨ ਚੇਨਈ 'ਚ ਰਹਿਣਗੇ ਅਤੇ ਮੈਡੀਕਲ ਟੀਮ ਦੀ ਨਿਗਰਾਨੀ 'ਚ ਹੋਣਗੇ।
ਬਿਮਾਰੀ ਤੋਂ ਠੀਕ ਹੋ ਰਹੇ ਸ਼ੁਭਮਨ
ਹਾਲ ਹੀ ਦੇ ਸਮੇਂ 'ਚ ਵਨਡੇ 'ਚ ਭਾਰਤ ਦਾ ਸਭ ਤੋਂ ਸ਼ਾਨਦਾਰ ਬੱਲੇਬਾਜ਼ ਸ਼ੁਭਮਨ ਤੇਜ਼ ਬੁਖਾਰ ਤੋਂ ਪੀੜਤ ਸੀ। ਡੇਂਗੂ ਲਈ ਟੈਸਟ ਕੀਤਾ ਜਾਣਾ ਸੀ ਜੋ ਕਿ ਪਾਜ਼ੇਟਿਵ ਨਿਕਲਿਆ। ਇੱਕ ਖਿਡਾਰੀ ਨੂੰ ਡੇਂਗੂ ਤੋਂ ਠੀਕ ਹੋਣ ਅਤੇ ਦੁਬਾਰਾ ਮੈਚ ਫਿੱਟ ਹੋਣ ਵਿੱਚ ਆਮ ਤੌਰ 'ਤੇ 7-10 ਦਿਨ ਲੱਗ ਜਾਂਦੇ ਹਨ। ਹਾਲਾਂਕਿ ਜੇਕਰ ਪਲੇਟਲੇਟ ਦੀ ਗਿਣਤੀ ਵਿੱਚ ਮਹੱਤਵਪੂਰਨ ਕਮੀ ਹੁੰਦੀ ਹੈ ਤਾਂ ਮਰੀਜ਼ ਨੂੰ ਠੀਕ ਹੋਣ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ।
ਅਫਗਾਨਿਸਤਾਨ ਤੋਂ ਬਾਅਦ ਭਾਰਤ ਦਾ ਪਾਕਿਸਤਾਨ ਨਾਲ ਮੈਚ
ਕੁਝ ਮੀਡੀਆ ਰਿਪੋਰਟਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਖਿਲਾਫ ਮੈਚ ਤੋਂ ਇਲਾਵਾ ਸ਼ੁਭਮਨ 14 ਅਕਤੂਬਰ ਨੂੰ ਅਹਿਮਦਾਬਾਦ 'ਚ ਹੋਣ ਵਾਲੇ ਪਾਕਿਸਤਾਨ ਖਿਲਾਫ ਭਾਰਤ ਦੇ ਤੀਜੇ ਮੈਚ ਤੋਂ ਵੀ ਬਾਹਰ ਰਹਿ ਸਕਦੇ ਹਨ। ਸ਼ੁਭਮਨ ਨੇ ਇਸ ਸਾਲ 1200 ਦੌੜਾਂ ਬਣਾਈਆਂ ਹਨ ਅਤੇ ਹਾਲ ਹੀ ਵਿੱਚ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਇੱਕ ਸਫਲ ਓਪਨਿੰਗ ਜੋੜੀ ਬਣਾਈ ਹੈ। ਜੇਕਰ ਉਹ ਲੰਬੇ ਸਮੇਂ ਤੱਕ ਗੈਰਹਾਜ਼ਰ ਰਹਿੰਦੇ ਹਨ ਤਾਂ ਇਹ ਭਾਰਤੀ ਟੀਮ ਲਈ ਵੱਡਾ ਝਟਕਾ ਹੋ ਸਕਦਾ ਹੈ।
ਅਫਗਾਨਿਸਤਾਨ ਖਿਲਾਫ ਭਾਰਤ ਦੀ ਸੰਭਾਵਿਤ ਪਲੇਇੰਗ-11
ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ/ਸੂਰਿਆਕੁਮਾਰ ਯਾਦਵ, ਕੇਐੱਲ ਰਾਹੁਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ/ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।
- PTC NEWS