Bikram Singh Majithia ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 30 ਜੁਲਾਈ ਤੱਕ ਮੁਲਤਵੀ , ਜੇਲ੍ਹ ਬੈਰਕ ਬਦਲਣ ਦੇ ਮਾਮਲੇ 'ਤੇ 2 ਅਗਸਤ ਨੂੰ ਹੋਵੇਗੀ ਬਹਿਸ
Bikram Singh Majithia : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਮੋਹਾਲੀ ਅਦਾਲਤ ਵਿੱਚ ਸੁਣਵਾਈ ਹੋਈ ਹੈ।ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਅਦਾਲਤ ਨੇ 30 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ।
ਇਸ ਦੇ ਨਾਲ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲਣ ਦੀ ਅਰਜ਼ੀ 'ਤੇ ADGP ਜੇਲ੍ਹਾਂ ਵੱਲੋਂ ਸੀਲਬੰਦ ਰਿਪੋਰਟ ਮੋਹਾਲੀ ਅਦਾਲਤ ਵਿਚ ਦਾਇਰ ਕੀਤੀ ਗਈ ਹੈ। ਜਿਸ ਨੂੰ ਅਦਾਲਤ ਨੇ ਦੋਵਾਂ ਧਿਰਾਂ ਸਾਹਮਣੇ ਖੋਲ੍ਹ ਲਿਆ ਹੈ ਪਰ ਫਿਲਹਾਲ ਇਸ ਰਿਪੋਰਟ ਦੀ ਕਾਪੀ ਨੂੰ ਸਪਲਾਈ ਨਹੀਂ ਕੀਤਾ ਗਿਆ। ਜੇਲ੍ਹ ਵਿੱਚ ਬੈਰਕ ਬਦਲਣ ਦੇ ਮਾਮਲੇ 'ਤੇ ਅਦਾਲਤ ਨੇ 2 ਅਗਸਤ ਨੂੰ ਅਗਲੀ ਸੁਣਵਾਈ ਤੈਅ ਕੀਤੀ ਹੈ।
ਅੱਜ ਗ੍ਰਿਫ਼ਤਾਰੀ ਨੂੰ ਹੋ ਗਿਆ ਇੱਕ ਮਹੀਨਾ
ਪੰਜਾਬ ਵਿਜੀਲੈਂਸ ਬਿਊਰੋ ਨੇ ਬਿਕਰਮ ਸਿੰਘ ਮਜੀਠੀਆ ਨੂੰ 25 ਜੂਨ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਤੋਂ ਗ੍ਰਿਫ਼ਤਾਰ ਕੀਤਾ ਸੀ। ਅੱਜ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਇੱਕ ਮਹੀਨਾ ਹੋ ਜਾਵੇਗਾ। ਇਸ ਦੌਰਾਨ ਵਿਜੀਲੈਂਸ ਨੇ ਕੇਸ ਮਜ਼ਬੂਤ ਕਰਨ ਲਈ ਆਪਣੀਆਂ ਪੂਰੀ ਤਾਕਤ ਲਾ ਦਿੱਤੀ ਹੈ। 2021 ਵਿੱਚ ਕਾਂਗਰਸ ਸਰਕਾਰ ਦੌਰਾਨ ਦਰਜ ਕੀਤੇ ਗਏ ਇਸ ਮਾਮਲੇ ਵਿੱਚ ਮਜੀਠੀਆ ਦੇ ਸਾਬਕਾ ਪੀਏ ਸਮੇਤ ਕੁੱਲ ਛੇ ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਛਾਪੇ ਮਾਰ ਕੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਜਾਂਚ ਕੀਤੀ ਗਈ ਸੀ। ਸਰਕਾਰ ਦਾ ਦਾਅਵਾ ਹੈ ਕਿ ਮਾਮਲਾ ਬਹੁਤ ਮਜ਼ਬੂਤ ਹੈ, ਜਦੋਂ ਕਿ ਮਜੀਠੀਆ ਦੇ ਵਕੀਲਾਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਕੋਈ ਠੋਸ ਤੱਥ ਨਹੀਂ ਹਨ।ਉਨ੍ਹਾਂ ਦਾ ਆਰੋਪ ਹੈ ਕਿ ਸਰਕਾਰ ਮੀਡੀਆ ਵਿੱਚ ਵੱਡੇ-ਵੱਡੇ ਦਾਅਵੇ ਕਰਦੀ ਹੈ।
- PTC NEWS