Talwandi Sabo : 8 ਮਹੀਨੇ ਤੋਂ ਲਾਪਤਾ ਪਿੰਡ ਸਿੰਗੋ ਦੀ ਨਾਬਾਲਗ ਕੁੜੀ ਦੀ ਮਿਲੀ ਲਾਸ਼, ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਹੀ ਮੁੰਡੇ 'ਤੇ ਲਾਏ ਇਲਜ਼ਾਮ
Talwandi Sabo News : ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸਿੰਗੋ ਦੀ ਕਰੀਬ ਅੱਠ ਮਹੀਨੇ ਤੋਂ ਪਿੰਡ ਦੇ ਨੌਜਵਾਨ ਨਾਲ ਗਈ ਨਾਬਾਲਗ ਕੁੜੀ ਦੀ ਲਾਸ਼ ਬੀਤੇ ਦਿਨ ਇੱਕ ਨਹਿਰ ਦੇ ਨਜ਼ਦੀਕ ਮਿਲੀ ਹੈ, ਜਿਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਲੈ ਕੇ ਜਾਣ ਵਾਲੇ ਨੌਜਵਾਨ 'ਤੇ ਪਹਿਲਾਂ ਉਸਨੂੰ ਵਰਗਲਾ ਕੇ ਭਜਾ ਕੇ ਲਿਜਾਣ ਅਤੇ ਫਿਰ ਕੁੜੀ ਦਾ ਕਤਲ ਕਰਨ ਦੇ ਇਲਜ਼ਾਮ ਲਗਾਏ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ ਹੈ।
ਮਾਂ ਦੀ ਮੌਤ ਮਗਰੋਂ ਨਾਨੀ ਕੋਲ ਰਹਿ ਰਹੀ ਸੀ ਕੁੜੀ
ਮ੍ਰਿਤਕ ਕੁੜ ਦੇ ਰਿਸ਼ਤੇਦਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਡ ਸਿੰਗੋ ਦੀ ਕਰੀਬ 15 ਸਾਲਾ ਸਿਮਰਜੀਤ ਕੌਰ ਦੀ ਮਾਤਾ ਦੀ ਮੌਤ ਹੋ ਜਾਣ ਤੋਂ ਬਾਅਦ ਉਹ ਆਪਣੀ ਨਾਨੀ ਕੋਲ ਪਿਛਲੇ 14 ਸਾਲ ਤੋਂ ਰਹਿ ਰਹੀ ਸੀ, ਕਿਉਂਕਿ ਸਿਮਰਜੀਤ ਕੌਰ ਦੀ ਮਾਤਾ ਦੀ ਉਸ ਸਮੇਂ ਮੌਤ ਹੋ ਗਈ ਸੀ। ਹੁਣ ਕਰੀਬ ਅੱਠ ਮਹੀਨੇ ਪਹਿਲਾਂ ਸਿਮਰਜੀਤ ਕੌਰ ਨੂੰ ਪਿੰਡ ਦਾ ਇੱਕ ਮੁੰਡਾ, ਜੋ ਕਿ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਦਾ ਸੀ, ਉਸ ਨੂੰ ਵਰਗਲਾ ਕੇ ਲੈ ਕੇ ਗਿਆ ਸੀ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਸਬੰਧੀ ਪੁਲਿਸ ਨੇ ਮੁੰਡੇ ਖਿਲਾਫ਼ 2.11.2024 ਨੂੰ ਮਾਮਲਾ ਵੀ ਦਰਜ ਕਰ ਲਿਆ ਸੀ। ਪੁਲਿਸ ਨੇ ਮੁੰਡੇ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ ਪਰ ਬੀਤੇ ਦਿਨ ਕੁੜੀ ਦੀ ਲਾਸ਼ ਸਰਦੂਲਗੜ੍ਹ ਇਲਾਕੇ ਵਿੱਚੋਂ ਇੱਕ ਨਹਿਰ ਦੇ ਕਿਨਾਰੇ ਮਿਲੀ ਸੀ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਸਮਾਂ ਰਹਿੰਦੇ ਸਖਤ ਕਾਰਵਾਈ ਨਹੀਂ ਕੀਤੀ, ਜਿਸ ਕਰਕੇ ਕਥਿਤ ਆਰੋਪੀ ਵੱਲੋਂ ਉਨ੍ਹਾਂ ਦੀ ਕੁੜੀ ਨੂੰ ਮਾਰ ਦਿੱਤਾ ਗਿਆ। ਉਨ੍ਹਾਂ ਆਰੋਪ ਲਗਾਏ ਕਿ ਇਸ ਮਾਮਲੇ ਵਿੱਚ ਮੁੰਡੇ ਨਾਲ ਉਹਨਾਂ ਦੇ ਕੁਝ ਰਿਸ਼ਤੇਦਾਰ ਹੋਰ ਵੀ ਸ਼ਾਮਿਲ ਹਨ, ਜਿਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਿੰਨਾ ਸਮਾਂ ਕੁੜੀ ਨੂੰ ਮਾਰਨ ਵਾਲੇ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਜਾਂਦਾ, ਓਨਾ ਸਮਾਂ ਉਹ ਆਪਣੀ ਲੜਕੀ ਦਾ ਨਾਂ ਹੀ ਤਾਂ ਪੋਸਟਮਾਰਟਮ ਕਰਾਉਣਗੇ ਤੇ ਨਾ ਹੀ ਸੰਸਕਾਰ ਕਰਨਗੇ।
ਕੀ ਕਹਿਣਾ ਹੈ ਪੁਲਿਸ ਦਾ ?
ਉਧਰ, ਥਾਣਾ ਤਲਵੰਡੀ ਸਾਬੋ ਨੇ ਪਹਿਲਾਂ ਤੋਂ ਦਰਜ ਮਾਮਲੇ ਵਿੱਚ ਵਾਧਾ ਕਰ ਦਿੱਤਾ ਹੈ। ਡੀਐਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਨੇ ਦੱਸਿਆ ਕਿ ਲਗਾਤਾਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਥੀਤ ਆਰੋਪੀ ਦੀ ਭਾਲ ਕੀਤੀ ਜਾ ਰਹੀ ਸੀ, ਉਹਨਾਂ ਕਿਹਾ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਨਾਮਜਦ ਕੀਤਾ ਗਿਆ ਹੈ, ਜਿਨਾਂ ਵਿੱਚ ਮੁੰਡਾ, ਮੁੰਡੇ ਦੀ ਮਾਤਾ ਅਤੇ ਜਿਸ ਕੋਲ ਮੁੰਡਾ ਰਹਿੰਦਾ ਸੀ (ਭੂਆ ਕੁਲਵਿੰਦਰ ਕੌਰ) ਨੂੰ ਨਾਮਜਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
- PTC NEWS