Canada Election Results 2025 : ਕੈਨੇਡਾ ਫੈਡਰਲ ਚੋਣਾਂ ’ਚ ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ , 22 ਪੰਜਾਬੀਆਂ ਨੇ ਕੈਨੇਡਾ ਦੀ ਸੰਸਦ ’ਚ ਕੀਤੀ ਐਂਟਰੀ
Canada Election Results 2025 : ਕੈਨੇਡਾ ਵਿੱਚ ਹਾਲ ਹੀ ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਸੱਤਾਧਾਰੀ ਲਿਬਰਲ ਪਾਰਟੀ ਨੇ ਜਿੱਤ ਦਰਜ ਕੀਤੀ ਹੈ। ਲਿਬਰਲ ਪਾਰਟੀ ਨੇ ਸਰਕਾਰ ਬਣਾਉਣ ਲਈ ਸੰਸਦ ਵਿੱਚ ਕਾਫ਼ੀ ਸੀਟਾਂ ਜਿੱਤ ਲਈਆਂ ਹਨ। ਫੈਡਰਲ ਚੋਣਾਂ ਵਿੱਚ ਪੰਜਾਬੀਆਂ ਨੇ ਵੱਡੀ ਗਿਣਤੀ ਵਿਚ ਜਿੱਤ ਦਰਜ ਕਰਕੇ ਇਤਿਹਾਸ ਰਚਿਆ ਹੈ। ਇਸ ਵਾਰ ਕੁੱਲ 22 ਪੰਜਾਬੀ ਉਮੀਦਵਾਰਾਂ ਨੇ ਕੈਨੇਡਾ ਦੀ ਸੰਸਦ ’ਚ ਐਂਟਰੀ ਕੀਤੀ ਹੈ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਵਾਰ ਰਿਕਾਰਡ 65 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਸਨ।
ਬ੍ਰੈਂਪਟਨ ਵਿੱਚ ਪੰਜਾਬੀਆਂ ਨੇ ਜਿੱਤੀਆਂ 5 ਸੀਟਾਂ
-ਲਿਬਰਲ ਉਮੀਦਵਾਰ ਅਮਨਦੀਪ ਸੋਹੀ ਨੇ ਬ੍ਰੈਂਪਟਨ ਸੈਂਟਰ ਤੋਂ ਤਰਨ ਚਾਹਲ ਨੂੰ ਹਰਾਇਆ।
-ਲਿਬਰਲ ਉਮੀਦਵਾਰ ਮਨਿੰਦਰ ਸਿੱਧੂ ਨੇ ਬ੍ਰੈਂਪਟਨ ਈਸਟ ਤੋਂ ਕੰਜ਼ਰਵੇਟਿਵ ਉਮੀਦਵਾਰ ਬੌਬ ਦੋਸਾਂਝ ਨੂੰ ਹਰਾਇਆ।
-ਲਿਬਰਲ ਰੂਬੀ ਸਹੋਤਾ ਨੇ ਬ੍ਰੈਂਪਟਨ ਨੌਰਥ ਤੋਂ ਕੰਜ਼ਰਵੇਟਿਵ ਅਮਨਦੀਪ ਜੱਜ ਨੂੰ ਹਰਾਇਆ।
-ਕੰਜ਼ਰਵੇਟਿਵ ਉਮੀਦਵਾਰ ਸੁਖਦੀਪ ਕੰਗ ਨੇ ਬ੍ਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਨੂੰ ਹਰਾਇਆ।
-ਕੰਜ਼ਰਵੇਟਿਵ ਉਮੀਦਵਾਰ ਅਮਰਜੀਤ ਗਿੱਲ ਨੇ ਬ੍ਰੈਂਪਟਨ ਵੈਸਟ ਤੋਂ ਮੌਜੂਦਾ ਮੰਤਰੀ ਕਮਲ ਖੇੜਾ ਨੂੰ ਹਰਾਇਆ।
ਜਗਮੀਤ ਸਿੰਘ ਦੀ ਕਰਾਰੀ ਹਾਰ
ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਮੁਖੀ ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਦੀ ਬਰਨਬੀ ਸੈਂਟਰਲ ਸੀਟ ਤੋਂ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਲਿਬਰਲ ਪਾਰਟੀ ਦੇ ਵੇਡ ਚਾਂਗ ਨੇ ਹਰਾਇਆ। ਉਨ੍ਹਾਂ ਦੀ ਪਾਰਟੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਨੂੰ ਵੀ ਇਸ ਚੋਣ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਜਗਮੀਤ ਸਿੰਘ ਨੇ ਐਨਡੀਪੀ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਅੱਠ ਸਾਲਾਂ ਤੱਕ ਐਨਡੀਪੀ ਦੇ ਮੁਖੀ ਰਹੇ। ਉਨ੍ਹਾਂ ਦੀ ਪਾਰਟੀ ਨੂੰ 10 ਤੋਂ ਘੱਟ ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਐਨਡੀਪੀ ਨੇ 343 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਸਨ। ਪਿਛਲੀਆਂ ਚੋਣਾਂ ਵਿੱਚ ਐਨਡੀਪੀ ਨੇ 24 ਸੀਟਾਂ ਜਿੱਤੀਆਂ ਸਨ।
ਦੱਸ ਦੇਈਏ ਕਿ ਕੈਨੇਡਾ ਵਿੱਚ ਅਧਿਕਾਰਤ ਤੌਰ 'ਤੇ ਅਕਤੂਬਰ 2025 ਵਿੱਚ ਚੋਣਾਂ ਹੋਣੀਆਂ ਸਨ ਪਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਿਛਲੇ ਮਹੀਨੇ ਨਵੀਆਂ ਚੋਣਾਂ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਟਰੰਪ ਨਾਲ ਨਜਿੱਠਣ ਲਈ ਇੱਕ ਮਜ਼ਬੂਤ ਜਨਾਦੇਸ਼ ਦੀ ਲੋੜ ਹੈ। ਜਸਟਿਨ ਟਰੂਡੋ ਜੋ 2015 ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਸਨ, ਨੇ ਇਸ ਸਾਲ ਦੇ ਸ਼ੁਰੂ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਮਾਰਕ ਕਾਰਨੀ ਨੂੰ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ।
- PTC NEWS