ਪੰਜਾਬ 'ਚ ਅਕਾਲੀ ਦਲ ਤੋਂ ਬਿਨਾਂ ਸਰਕਾਰ ਨਹੀਂ ਬਣਾ ਸਕਦੀ BJP ; ਕੈਪਟਨ ਬੋਲੇ - ਮੈਂ ਭਾਜਪਾਈ ਬਣ ਕੇ ਕੁੱਝ ਨਹੀਂ ਖੱਟਿਆ
Captain Amarinder Singh : ''ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ...''। ਕੁੱਝ ਇਹੀ ਸ਼ਬਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਇੰਟਰਵਿਊ 'ਚ ਭਾਜਪਾ 'ਚ ਆਪਣੀ ਸ਼ਮੂਲੀਅਤ ਨੂੰ ਲੈ ਕੇ ਪਹਿਲੀ ਵਾਰ ਕਹੇ ਹਨ। ਉਨ੍ਹਾਂ ਨੇ ਇੱਕ ਅਖ਼ਬਾਰ ਨੂੰ ਇੰਟਰਵਿਊ ਦੌਰਾਨ ਭਾਜਪਾ ਨੂੰ ਪੰਜਾਬ 'ਚ ਸਰਕਾਰ ਬਣਾਉਣ ਲਈ ਅਕਾਲੀ ਦਲ ਗਠਜੋੜ ਕਰਨ ਦੀ ਜ਼ਰੂਰਤ 'ਤੇ ਵੀ ਮੁੜ ਸਲਾਹ ਦਿੱਤੀ ਹੈ।
ਭਾਜਪਾ 'ਚ ਸ਼ਾਮਲ ਹੋਣ ਦੇ 4 ਸਾਲਾਂ ਬਾਰੇ ਕੀਤੀ ਗੱਲਬਾਤ
ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਨਾਲ ਬਿਤਾਏ ਆਪਣੇ ਚਾਰ ਸਾਲਾਂ 'ਤੇ ਬੇਬਾਕੀ ਨਾਲ ਟਿੱਪਣੀ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਉਨ੍ਹਾਂ ਨੂੰ ਬਹੁਤਾ ਫ਼ਾਇਦਾ ਨਹੀਂ ਹੋਇਆ। ਫਿਰ ਵੀ, ਉਨ੍ਹਾਂ ਸਾਫ਼ ਕੀਤਾ ਕਿ ਕਾਂਗਰਸ ਵਿੱਚ ਵਾਪਸੀ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਅਤੇ ਹੁਣ ਉਹ ਚੋਣ ਸਿਆਸਤ ਤੋਂ ਦੂਰ ਹੀ ਰਹਿਣਾ ਚਾਹੁੰਦੇ ਹਨ।
2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਅਖ਼ਬਾਰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਆਪਣੇ ਸਿਆਸੀ ਸਫ਼ਰ ਅਤੇ ਪੰਜਾਬ ਦੇ ਹਾਲਾਤ ਨਾਲ ਜੁੜੇ ਵੱਖ-ਵੱਖ ਪਹਿਲੂਆਂ 'ਤੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ। ਜ਼ਿਕਰਯੋਗ ਹੈ ਕਿ ਉਹ ਸਤੰਬਰ 2022 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ।
ਭਾਜਪਾ ਲੀਡਰਸ਼ਿਪ ਪ੍ਰਤੀ ਕੀਤਾ ਗਿਲ੍ਹਾ
ਭਾਜਪਾ ਵਿੱਚ ਆਪਣੀ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਦੇ ਸੁਝਾਵਾਂ ਨੂੰ ਓਨੀ ਗੰਭੀਰਤਾ ਨਾਲ ਨਹੀਂ ਲਿਆ ਜਿੰਨੀ ਉਹ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਲਗਭਗ ਛੇ ਦਹਾਕਿਆਂ ਦੇ ਸਿਆਸੀ ਤਜਰਬੇ ਕਾਰਨ ਪੰਜਾਬ ਦੇ ਮਾਮਲਿਆਂ 'ਤੇ ਉਹ ਆਪਣੀ ਰਾਏ ਦੇਣ ਦੀ ਸਥਿਤੀ ਵਿੱਚ ਹਨ, ਭਾਵੇਂ ਉਹ ਹਰ ਸਮੱਸਿਆ ਦਾ ਹੱਲ ਹੋਣ ਦਾ ਦਾਅਵਾ ਨਹੀਂ ਕਰਦੇ।
ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਹੱਕ ਵਿੱਚ ਗੱਲ
ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਤੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਪੱਖ ਵੀ ਲਿਆ। ਉਨ੍ਹਾਂ ਦੀ ਦਲੀਲ ਸੀ ਕਿ ਉਸਨੂੰ ਬਾਹਰ ਆ ਕੇ ਚੋਣ ਲੜਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਲੰਬੀ ਨਜ਼ਰਬੰਦੀ ਸਗੋਂ ਉਸਨੂੰ ਹੋਰ ਸੁਰਖ਼ੀਆਂ ਵਿੱਚ ਲਿਆ ਸਕਦੀ ਹੈ।
ਉਨ੍ਹਾਂ ਇਸ ਦੇ ਨਾਲ ਹੀ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੇ ਮਸਲੇ 'ਤੇ ਵੀ ਗੱਲ ਕੀਤੀ, ਜਿਸ ਦੌਰਾਨ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਸਜ਼ਾ ਭੁਗਤ ਰਹੇ ਜਗਤਾਰ ਸਿੰਘ ਹਵਾਰਾ ਦਾ ਹਵਾਲਾ ਵੀ ਆਇਆ।
ਭਾਜਪਾ ਵਿੱਚ ਸ਼ਾਮਲ ਹੋਣ ਦੇ ਫ਼ੈਸਲੇ 'ਤੇ ਕਿਸੇ ਪਛਤਾਵੇ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਦਾ ਸਾਫ਼ ਤੇ ਸਪਸ਼ਟ ਜਵਾਬ ਸੀ — "ਨਹੀਂ।"
ਇਹ ਵੀ ਪੜ੍ਹੋ...
ਚੰਡੀਗੜ੍ਹ ਪੁਲਿਸ ਦੇ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ, ਨਾਬਾਲਿਗ ਪੁੱਤ ਤੋਂ ਪੁੱਛਗਿੱਛ ਜਾਰੀ
ਸਾਊਦੀ ਅਰਬ 'ਚ ਸਿੱਖ ਡਰਾਈਵਰ ਨੂੰ ਬਚਾਉਣ ਲਈ ਅੱਗੇ ਆਏ Diljit Dosanjh, ਕੇਂਦਰ ਤੋਂ ਦਖਲ ਦੀ ਕੀਤੀ ਮੰਗ
- PTC NEWS