Paris Olympic 2024 : ਵਿਨੇਸ਼ ਫੋਗਾਟ ਨੂੰ ਤਗਮਾ ਮਿਲੇਗਾ ਜਾਂ ਨਹੀਂ, ਅੱਜ ਹੋ ਸਕਦੈ ਫੈਸਲਾ, IOC ਵੱਲੋਂ ਹਰੀਸ਼ ਸਾਲਵੇ ਲੜਨਗੇ ਕੇਸ
Paris Olympic 2024 Wrestling : ਪੈਰਿਸ ਓਲੰਪਿਕ 'ਚ ਭਾਰਤ ਦੀ ਸਟਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੀ ਅਰਜ਼ੀ 'ਤੇ ਹੁਣ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ। ਉਸਨੇ ਆਪਣੀ ਅਯੋਗਤਾ ਦੇ ਖਿਲਾਫ CAS (ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ) ਵਿੱਚ ਅਪੀਲ ਦਾਇਰ ਕੀਤੀ ਸੀ, ਜਿਸ ਨੂੰ ਸੁਣਵਾਈ ਲਈ ਸਵੀਕਾਰ ਕਰ ਲਿਆ ਗਿਆ ਸੀ। ਇਸ ਵਿੱਚ ਉਨ੍ਹਾਂ ਨੂੰ ਸਾਂਝਾ ਚਾਂਦੀ ਦਾ ਤਗਮਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਖੇਡ ਅਦਾਲਤ ਨੇ ਵਿਨੇਸ਼ ਨੂੰ ਸੁਣਵਾਈ ਲਈ ਆਪਣਾ ਵਕੀਲ ਨਿਯੁਕਤ ਕਰਨ ਦਾ ਮੌਕਾ ਦਿੱਤਾ ਹੈ। ਸੁਣਵਾਈ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਹੋਵੇਗੀ।
ਦਰਅਸਲ, ਸੀਏਐਸ ਵਿੱਚ ਸੁਣਵਾਈ ਪਹਿਲਾਂ ਵੀਰਵਾਰ ਨੂੰ ਹੀ ਹੋਣੀ ਸੀ। ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ ਨੇ ਵਿਨੇਸ਼ ਦੀ ਨੁਮਾਇੰਦਗੀ ਕਰਨ ਲਈ 4 ਵਕੀਲਾਂ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਦੇ ਨਾਮ ਜੋਏਲ ਮੋਨਲੁਇਸ, ਐਸਟੇਲ ਇਵਾਨੋਵਾ, ਹੈਬਿਨ ਐਸਟੇਲ ਕਿਮ ਅਤੇ ਚਾਰਲਸ ਐਮਸਨ ਹਨ। ਇਹ ਸਾਰੇ ਪੈਰਿਸ 2024 ਓਲੰਪਿਕ ਲਈ CAS ਦੇ ਪ੍ਰੋ ਬੋਨੋ ਵਕੀਲ ਹਨ। ਪਰ ਭਾਰਤੀ ਟੀਮ ਨੇ ਸੁਣਵਾਈ ਲਈ ਭਾਰਤੀ ਵਕੀਲ ਨਿਯੁਕਤ ਕਰਨ ਲਈ ਸਮਾਂ ਵੀ ਮੰਗਿਆ। ਇਸ 'ਤੇ ਅਦਾਲਤ ਨੇ ਉਨ੍ਹਾਂ ਨੂੰ ਸਮਾਂ ਦਿੱਤਾ ਅਤੇ ਸੁਣਵਾਈ ਅਗਲੇ ਦਿਨ ਯਾਨੀ ਸ਼ੁੱਕਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ।
ਜਾਣਕਾਰੀ ਮੁਤਾਬਕ ਵਿਨੇਸ਼ ਫੋਗਾਟ ਅਯੋਗਤਾ ਮਾਮਲੇ 'ਚ ਭਾਰਤੀ ਓਲੰਪਿਕ ਸੰਘ ਦੀ ਤਰਫੋਂ ਭਾਰਤ ਦੇ ਸਾਬਕਾ ਸਾਲਿਸਟਰ ਜਨਰਲ ਅਤੇ ਕਿੰਗਜ਼ ਕਾਉਂਸਲ ਹਰੀਸ਼ ਸਾਲਵੇ ਅੱਜ ਸੀਏਐਸ ਸਾਹਮਣੇ ਪੇਸ਼ ਹੋਣਗੇ। ਸਾਲਵੇ ਨੂੰ ਅੱਜ ਪੈਰਿਸ ਦੇ ਸਮੇਂ ਅਨੁਸਾਰ ਸਵੇਰੇ 10 ਵਜੇ ਪੇਸ਼ੀ ਵਿੱਚ ਪੇਸ਼ ਹੋਣਾ ਪਵੇਗਾ। ਸਾਲਵੇ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਆਈਓਏ ਦੇ ਵਕੀਲ ਵਜੋਂ ਉਨ੍ਹਾਂ ਦਾ ਨਾਮ ਸੀਏਐਸ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਫੈਸਲਾ ਸ਼ੁੱਕਰਵਾਰ ਨੂੰ ਹੀ ਆ ਸਕਦਾ ਹੈ। ਪਰ ਜੇਕਰ ਜੱਜ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਹੋਰ ਸੁਣਵਾਈ ਦੀ ਲੋੜ ਹੈ ਤਾਂ ਕੋਈ ਹੋਰ ਤਰੀਕ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਜ਼ਿਆਦਾਤਰ CAS ਮਾਮਲਿਆਂ ਵਿੱਚ ਫੈਸਲਾ ਸੁਣਵਾਈ ਵਾਲੇ ਦਿਨ ਹੀ ਆ ਜਾਂਦਾ ਹੈ।
ਖੇਡ ਮਾਮਲਿਆਂ ਦਾ ਫੈਸਲਾ ਕਰਦਾ ਹੈ CAS
ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ (CAS) ਦੁਨੀਆ ਭਰ ਦੀਆਂ ਖੇਡਾਂ ਲਈ ਬਣਾਈ ਗਈ ਇੱਕ ਸੁਤੰਤਰ ਸੰਸਥਾ ਹੈ। ਇਸ ਦਾ ਕੰਮ ਖੇਡਾਂ ਨਾਲ ਸਬੰਧਤ ਸਾਰੇ ਕਾਨੂੰਨੀ ਵਿਵਾਦਾਂ ਦਾ ਨਿਪਟਾਰਾ ਕਰਨਾ ਹੈ। 1984 ਵਿੱਚ ਸਥਾਪਿਤ ਅੰਤਰਰਾਸ਼ਟਰੀ ਸੰਸਥਾ ਖੇਡਾਂ ਨਾਲ ਸਬੰਧਤ ਵਿਵਾਦਾਂ ਨੂੰ ਸਾਲਸੀ ਰਾਹੀਂ ਨਿਪਟਾਉਣ ਲਈ ਕੰਮ ਕਰਦੀ ਹੈ। ਇਸ ਦਾ ਮੁੱਖ ਦਫਤਰ ਸਵਿਟਜ਼ਰਲੈਂਡ ਦੇ ਲੁਸਾਨੇ ਵਿੱਚ ਹੈ, ਅਤੇ ਇਸ ਦੀਆਂ ਅਦਾਲਤਾਂ ਨਿਊਯਾਰਕ ਸਿਟੀ, ਸਿਡਨੀ ਅਤੇ ਲੁਸਾਨੇ ਵਿੱਚ ਸਥਿਤ ਹਨ। ਮੌਜੂਦਾ ਓਲੰਪਿਕ ਮੇਜ਼ਬਾਨ ਸ਼ਹਿਰਾਂ ਵਿੱਚ ਵੀ ਅਸਥਾਈ ਅਦਾਲਤਾਂ ਸਥਾਪਤ ਕੀਤੀਆਂ ਗਈਆਂ ਹਨ। ਇਸੇ ਸਿਲਸਿਲੇ ਵਿੱਚ ਇਸ ਵਾਰ ਪੈਰਿਸ ਵਿੱਚ CAS ਦੀ ਸਥਾਪਨਾ ਹੋਈ ਹੈ।
100 ਗ੍ਰਾਮ ਭਾਰ ਕਾਰਨ ਅਯੋਗ ਦਿੱਤੀ ਗਈ Vinesh Phogat
ਦੱਸ ਦੇਈਏ ਕਿ ਓਲੰਪਿਕ ਵਿੱਚ ਭਾਰਤ ਦੀਆਂ ਉਮੀਦਾਂ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਵਰਗ ਦੇ ਫਾਈਨਲ ਮੈਚ ਤੋਂ ਕੁਝ ਘੰਟੇ ਪਹਿਲਾਂ ਵਿਨੇਸ਼ ਦਾ ਭਾਰ ਲਗਭਗ 100 ਗ੍ਰਾਮ ਵੱਧ ਪਾਇਆ ਗਿਆ। ਵਿਨੇਸ਼ ਕੋਲ ਸੋਨ ਤਮਗਾ ਜਿੱਤਣ ਦਾ ਮੌਕਾ ਸੀ ਪਰ ਜ਼ਿਆਦਾ ਭਾਰ ਹੋਣ ਕਾਰਨ ਫਾਈਨਲ ਮੈਚ ਤੋਂ ਕੁਝ ਘੰਟੇ ਪਹਿਲਾਂ ਹੀ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਅਜਿਹੇ 'ਚ ਨਿਯਮਾਂ ਕਾਰਨ ਉਹ ਸੈਮੀਫਾਈਨਲ ਜਿੱਤਣ ਤੋਂ ਬਾਅਦ ਵੀ ਮੈਡਲ ਤੋਂ ਖੁੰਝ ਗਈ। ਪਰ ਹੁਣ ਕੇਸ CAS ਵਿੱਚ ਜਾਣ ਤੋਂ ਬਾਅਦ ਵਿਨੇਸ਼ ਦੀ ਮੈਡਲ ਮਿਲਣ ਦੀ ਉਮੀਦ ਫਿਰ ਤੋਂ ਜਗ ਗਈ ਹੈ।
- PTC NEWS