Chandigarh ਨਗਰ ਨਿਗਮ ਦੇ ਮੁੱਖ ਇੰਜੀਨੀਅਰ ਸੰਜੇ ਅਰੋੜਾ ਨੂੰ ਅਹੁਦੇ ਤੋਂ ਹਟਾਇਆ, ਹੁਣ ਕੇਪੀ ਸਿੰਘ ਨੂੰ ਨਵਾਂ ਮੁੱਖ ਇੰਜੀਨੀਅਰ ਕੀਤਾ ਨਿਯੁਕਤ
Chandigarh Municipal Corporation News : ਚੰਡੀਗੜ੍ਹ ਨਗਰ ਨਿਗਮ ਦੇ ਅੰਦਰ ਇੱਕ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਹੁਕਮਾਂ ਤੋਂ ਬਾਅਦ ਮੁੱਖ ਇੰਜੀਨੀਅਰ ਸੰਜੇ ਅਰੋੜਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਕੇਪੀ ਸਿੰਘ ਨੂੰ ਨਵਾਂ ਮੁੱਖ ਇੰਜੀਨੀਅਰ ਨਿਯੁਕਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਸ ਫੈਸਲੇ ਨੂੰ ਸਿੱਧੇ ਰਾਜਪਾਲ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ, ਜਦੋਂ ਕਿ ਅਜਿਹੇ ਤਬਾਦਲਿਆਂ ਨੂੰ ਆਮ ਤੌਰ 'ਤੇ ਗ੍ਰਹਿ ਸਕੱਤਰ ਦੁਆਰਾ ਮਨਜ਼ੂਰੀ ਦਿੱਤੀ ਜਾਂਦੀ ਹੈ।
ਸੂਤਰਾਂ ਅਨੁਸਾਰ ਮੇਅਰ ਦੇ ਨਜ਼ਦੀਕੀ ਕੁਝ ਭਾਜਪਾ ਕੌਂਸਲਰ ਸੰਜੇ ਅਰੋੜਾ ਦੀਆਂ ਕਾਰਵਾਈਆਂ ਤੋਂ ਨਾਖੁਸ਼ ਸਨ ਅਤੇ ਉਨ੍ਹਾਂ ਵਿਰੁੱਧ ਸ਼ਿਕਾਇਤਾਂ ਲਗਾਤਾਰ ਰਾਜਪਾਲ ਭਵਨ ਤੱਕ ਪਹੁੰਚ ਰਹੀਆਂ ਸਨ। ਮਨੀਮਾਜਰਾ ਹਾਊਸਿੰਗ ਪ੍ਰੋਜੈਕਟ ਨਾਲ ਸਬੰਧਤ ਜਾਣਕਾਰੀ ਵਿਰੋਧੀ ਧਿਰ ਤੱਕ ਪਹੁੰਚਣ 'ਤੇ ਵੀ ਨਗਰ ਨਿਗਮ ਦੇ ਅੰਦਰ ਅਸੰਤੁਸ਼ਟੀ ਬਣੀ ਹੋਈ ਸੀ।
ਦੱਸਿਆ ਜਾਂਦਾ ਹੈ ਕਿ ਮੁੱਖ ਇੰਜੀਨੀਅਰ ਸੰਜੇ ਅਰੋੜਾ ਨਗਰ ਨਿਗਮ ਦੇ ਸਾਰੇ ਅਧਿਕਾਰੀਆਂ ਛੋਟੇ -ਵੱਡੇ ਅਧਿਕਾਰੀਆਂ ਦੇ ਚਹੇਤੇ ਰਹੇ ਹਨ। ਹਾਲਾਂਕਿ, ਉਨ੍ਹਾਂ ਦਾ ਭਾਜਪਾ ਕੌਂਸਲਰਾਂ ਨਾਲ ਮਤਭੇਦ ਰਿਹਾ ਹੈ। ਇਸ ਕਾਰਨ ਨਗਰ ਨਿਗਮ ਦੇ ਅੰਦਰ ਤਣਾਅ ਦੀ ਸਥਿਤੀ ਬਣੀ ਹੋਈ ਸੀ। ਭਾਵੇਂ ਨਗਰ ਨਿਗਮ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਦਾ ਕਾਰਜਕਾਲ ਸਿਰਫ਼ ਡੇਢ ਮਹੀਨਾ ਹੀ ਰਿਹਾ, ਪਰ ਇਹ ਕਾਰਵਾਈ ਭਾਜਪਾ ਕੌਂਸਲਰਾਂ ਦੀ ਬਦੌਲਤ ਸੰਭਵ ਹੋਈ।
ਸੂਤਰਾਂ ਅਨੁਸਾਰ ਵੱਡੇ ਟੈਂਡਰ ਸਿਰੇ ਨਹੀਂ ਚੜ੍ਹ ਰਹੇ ਸਨ ,ਜਿਸ 'ਚ ਕਚਰਾ ਨਿਪਟਾਰਾ ਪਲਾਂਟ ਡਡੂਮਾਜਰਾ ਵਿੱਚ ਬਣਨਾ ਹੈ, ਐਨਜੀਟੀ ਅਤੇ ਹਾਈਕੋਰਟ ਨੇ ਜੁਰਮਾਨਾ ਲਗਾਇਆ ਹੋਇਆ ਹੈ। ਕੌਂਸਲਰਾਂ ਅਤੇ ਠੇਕੇਦਾਰਾਂ ਨਾਲ ਲਗਾਤਾਰ ਟਕਰਾਅ ਦੀ ਸਥਿਤੀ ਬਣ ਰਹੀ ਸੀ। ਮਨੀਮਾਜਰਾ ਹਾਊਸਿੰਗ ਪ੍ਰੋਜੈਕਟ ਨਾਲ ਸਬੰਧਤ ਸਾਰੇ ਦਸਤਾਵੇਜ਼ ਵਿਰੋਧੀ ਕੌਂਸਲਰਾਂ ਕੋਲ ਜਾ ਰਹੇ ਸਨ, ਜਿਸ ਨਾਲ ਉਹ ਮੇਅਰ ਨੂੰ ਘੇਰਨ ਵਿੱਚ ਸਫਲ ਹੋ ਰਹੇ ਸਨ। ਇਸ ਸੰਬੰਧੀ ਸ਼ਿਕਾਇਤਾਂ ਆਰਕੀਟੈਕਟ ਵਿਭਾਗ ਵਿਰੁੱਧ ਵੀ ਉਠਾਈਆਂ ਜਾ ਰਹੀਆਂ ਸਨ।
ਤਿੰਨ ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰ ਸਕੇ ਅਰੋੜਾ
ਸੰਜੇ ਅਰੋੜਾ ਯੂਟੀ ਪ੍ਰਸ਼ਾਸਨ ਵਿੱਚ ਸੁਪਰਡੈਂਟ ਇੰਜੀਨੀਅਰ ਸਨ ਅਤੇ ਨਗਰ ਨਿਗਮ ਵਿੱਚ ਚੀਫ ਇੰਜਨੀਅਰ ਦੇ ਲਈ ਡੇਪੂਟੇਸ਼ਨ 'ਤੇ ਲਗਾਏ ਗਏ ਸੀ। ਉਨ੍ਹਾਂ ਨੂੰ 24 ਸਤੰਬਰ 2024 ਨੂੰ ਉੱਥੇ ਤਾਇਨਾਤ ਕੀਤਾ ਗਿਆ ਸੀ ਅਤੇ ਡੇਢ ਸਾਲ ਦੇ ਕਾਰਜਕਾਲ ਤੋਂ ਬਾਅਦ ਹਟਾ ਦਿੱਤਾ ਗਿਆ ਹੈ। ਉਹ ਪਹਿਲੇ ਅਧਿਕਾਰੀ ਹਨ ਜੋ ਤਿੰਨ ਸਾਲ ਦਾ ਕਾਰਜਕਾਲ ਪੂਰਾ ਕਰਨ ਵਿੱਚ ਅਸਫਲ ਰਹੇ। ਸੰਜੇ ਅਰੋੜਾ ਪਹਿਲੇ ਮੁੱਖ ਇੰਜੀਨੀਅਰ ਸਨ ,ਜੋ ਯੂਟੀ ਪ੍ਰਸ਼ਾਸਨ ਤੋਂ ਨਗਰ ਨਿਗਮ ਵਿੱਚ ਲਗਾਏ ਗਏ ਸੀ। ਇਸ ਤੋਂ ਪਹਿਲਾਂ ਪੰਜਾਬ ਜਾਂ ਹਰਿਆਣਾ ਦੇ ਅਧਿਕਾਰੀਆਂ ਦੀ ਤਾਇਨਾਤੀ ਇਥੇ ਹੁੰਦੀ ਸੀ।
- PTC NEWS