Charanjit Ahuja funeral : ਪੰਜ ਤੱਤਾਂ ’ਚ ਵਿਲੀਨ ਹੋਏ ਪ੍ਰਸਿੱਧ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ, ਵਿਦਾਇਗੀ ਦੇਣ ਪਹੁੰਚੇ ਕਈ ਕਲਾਕਾਰ
Charanjit Ahuja funeral : ਪੰਜਾਬ ਦੇ ਮਸ਼ਹੂਰ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਸੋਮਵਾਰ ਨੂੰ ਪੰਜ ਤੱਤਾਂ ’ਚ ਵਿਲੀਨ ਹੋ ਗਏ ਹਨ। ਪ੍ਰਸਿੱਧ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ (74) ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ਸੀ ਅਤੇ ਅੱਜ ਮੋਹਾਲੀ ਸਥਿਤ ਸ਼ਮਸ਼ਾਨਘਾਟ 'ਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ। ਉਨ੍ਹਾਂ ਦੇ ਵੱਡੇ ਪੁੱਤਰ ਸਚਿਨ ਨੇ ਚਿਖਾ ਨੂੰ ਅਗਨੀ ਦਿੱਤੀ। ਆਹੂਜਾ ਦੇ ਤਿੰਨ ਪੁੱਤਰ ਹਨ।
ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚੇ ਹਨ। ਪੰਜਾਬੀ ਗਾਇਕ ਗਿੱਪੀ ਗਰੇਵਾਲ, ਹੰਸਰਾਜ ਹੰਸ, ਸਤਿੰਦਰ ਬੁੱਗਾ, ਸੁੱਖੀ ਬਰਾੜ, ਅਲਾਪ ਸਿਕੰਦਰ ਅਤੇ ਮਦਨ ਸ਼ੌਂਕੀ ਵੀ ਮੌਜੂਦ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਗਾਇਕ ਦਿਲਜੀਤ ਦੋਸਾਂਝ, ਅਦਾਕਾਰਾ ਨਿਰਮਲ ਰਿਸ਼ੀ ਅਤੇ ਗਾਇਕ ਮਾਸਟਰ ਸਲੀਮ ਸਮੇਤ ਕਈ ਹੋਰ ਕਲਾਕਾਰਾਂ ਨੇ ਚਰਨਜੀਤ ਆਹੂਜਾ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਕਈ ਕਲਾਕਾਰਾਂ ਨੂੰ ਬੁਲੰਦੀਆਂ ‘ਤੇ ਪਹੁੰਚਾਇਆ
ਚਰਨਜੀਤ ਆਹੂਜਾ ਨੇ ਆਪਣੀਆਂ ਸੰਗੀਤਕ ਰਚਨਾਵਾਂ ਰਾਹੀਂ ਕਈ ਕਲਾਕਾਰਾਂ ਨੂੰ ਪ੍ਰਸਿੱਧੀ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ। ਚਰਨਜੀਤ ਆਹੂਜਾ ਨੂੰ "ਪੰਜਾਬੀ ਸੰਗੀਤ ਦਾ ਸ਼ਿਲਪਕਾਰ" ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਪੰਜਾਬੀ ਸੰਗੀਤ ਉਦਯੋਗ ਦਾ ਇੱਕ ਥੰਮ੍ਹ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਸੁਰਾਂ ਅਜੇ ਵੀ ਲੋਕ ਗੀਤਾਂ, ਵਿਆਹਾਂ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਗੂੰਜਦੀਆਂ ਹਨ।
ਉਨ੍ਹਾਂ ਦੀਆਂ ਸੁਰਾਂ ਨੇ 1980 ਅਤੇ 1990 ਦੇ ਦਹਾਕੇ ਵਿੱਚ ਪੰਜਾਬੀ ਸੰਗੀਤ ਉਦਯੋਗ ਨੂੰ ਇੱਕ ਨਵੀਂ ਪਛਾਣ ਦਿੱਤੀ। ਸੁਰਜੀਤ ਬਿੰਦਰਾਖੀਆ, ਕੁਲਦੀਪ ਮਾਣਕ, ਗੁਰਦਾਸ ਮਾਨ, ਚਮਕੀਲਾ, ਗੁਰਕਿਰਪਾਲ ਸੁਰਪੁਰੀ ਅਤੇ ਸਤਵਿੰਦਰ ਬੁੱਗਾ ਸਮੇਤ ਬਹੁਤ ਸਾਰੇ ਲੋਕ ਗਾਇਕਾਂ ਨੂੰ ਪਛਾਣ ਪ੍ਰਾਪਤ ਕਰਨ ਵਿੱਚ ਮਦਦ ਕੀਤੀ। ਕੁਝ ਗਾਇਕਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਦੇ ਸੰਗੀਤ ਨਾਲ ਕੀਤੀ ਅਤੇ ਕੁਝ ਤਾਂ ਸੁਪਰਸਟਾਰ ਵੀ ਬਣ ਗਏ। ਚਰਨਜੀਤ ਆਹੂਜਾ ਆਪਣੇ ਪਿੱਛੇ 3 ਪੁੱਤਰ ਛੱਡ ਗਏ ਹਨ, ਜੋ ਸਾਰੇ ਸੰਗੀਤ ਉਦਯੋਗ ਨਾਲ ਜੁੜੇ ਹੋਏ ਹਨ।
ਕੋਰੋਨਾ ਦੌਰਾਨ ਦਿੱਲੀ ਤੋਂ ਮੋਹਾਲੀ ਸ਼ਿਫਟ ਹੋਇਆ ਸੀ ਪਰਿਵਾਰ
ਚਰਨਜੀਤ ਸਿੰਘ ਆਹੂਜਾ ਅਤੇ ਉਨ੍ਹਾਂ ਦਾ ਪਰਿਵਾਰ ਪਹਿਲਾਂ ਦਿੱਲੀ ਵਿੱਚ ਰਹਿੰਦੇ ਸਨ ਪਰ ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ ਉਹ ਮੋਹਾਲੀ ਸਿਫਟ ਹੋ ਗਏ ਸਨ। ਬਾਅਦ ਵਿੱਚ ਉਨ੍ਹਾਂ ਨੇ ਮੋਹਾਲੀ ਵਿੱਚ ਆਪਣਾ ਸਟੂਡੀਓ ਸਥਾਪਤ ਕੀਤਾ। ਉਨ੍ਹਾਂ ਦਾ ਘਰ ਟੀਡੀਆਈ ਸਿਟੀ ਵਿੱਚ ਸੀ। ਉਹ ਅਕਸਰ ਸਟੂਡੀਓ ਆਉਂਦੇ ਸਨ ਪਰ ਸਿਹਤ ਵਿਗੜਨ ਤੋਂ ਬਾਅਦ ਦਫ਼ਤਰ ਆਉਣਾ ਬੰਦ ਕਰ ਦਿੱਤਾ। ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਘਰ ਵਿੱਚ ਬਿਤਾਉਣਾ ਸ਼ੁਰੂ ਕਰ ਦਿੱਤਾ। ਕੋਵਿਡ-19 ਮਹਾਂਮਾਰੀ ਦੌਰਾਨ ਜਦੋਂ ਲੋਕ ਆਪਣੇ ਘਰਾਂ ਤੱਕ ਸੀਮਤ ਸਨ, ਉਹ ਖੁਦ ਆਪਣੇ ਸਟੂਡੀਓ ਵਿੱਚ ਆਉਂਦੇ ਸਨ। ਉਹ ਲੋਕਾਂ ਨੂੰ ਸਮਾਜ ਸੇਵਾ ਕਰਨ ਲਈ ਵੀ ਉਤਸ਼ਾਹਿਤ ਕਰਦੇ ਸਨ।
- PTC NEWS