ਨਸ਼ਾ ਵੇਚਦਾ ਫੜਿਆ ਗਿਆ ਪਿਤਾ ਤਾਂ ਸਕੂਲ 'ਚੋਂ ਕੱਟਿਆ ਜਾਵੇਗਾ ਬੱਚੇ ਦਾ ਨਾਂਅ
ਮਾਨਸਾ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਮਗਰੋਂ ਮਾਨਸਾ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਇੱਕ ਅਨੋਖਾ ਫੈਸਲਾ ਲਿਆ ਗਿਆ। ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਕਿਸੇ ਬੱਚੇ ਦਾ ਪਿਤਾ ਨਸ਼ਾ ਤਸਕਰੀ ਵਿੱਚ ਫੜਿਆ ਗਿਆ ਤਾਂ ਉਸ ਦੇ ਬੱਚੇ ਦਾ ਨਾਮ ਸਕੂਲੋਂ ਕੱਟ ਦਿੱਤਾ ਜਾਵੇਗਾ। ਹਾਲਾਂਕਿ ਜ਼ਿਲ੍ਹਾ ਸਿੱਖਿਆ ਅਫਸਰ ਨੇ ਇਸ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਵਿੱਚ ਬੱਚੇ ਦਾ ਕੋਈ ਕਸੂਰ ਨਹੀਂ ਤਾਂ ਬੱਚੇ ਦੇ ਪਿਤਾ ਨੂੰ ਸਜ਼ਾ ਕਿਉਂ ਦਿੱਤੀ ਜਾਵੇ।
ਅਨੋਖਾ ਫੈਸਲਾ ਲੈਣ ਵਾਲਿਆਂ ਨੇ ਕੀ ਕਿਹਾ? ਪੜ੍ਹੋ
ਸਕੂਲਾਂ ਦੇ ਸਰਪ੍ਰਸਤ ਪਵਨ ਕੁਮਾਰ ਮੱਤੀ, ਪ੍ਰਧਾਨ ਸਰਬਜੀਤ ਸਿੰਘ ਬਾਦ, ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਨੇ ਇਕ ਅਨੋਖਾ ਫੈਸਲਾ ਲਿਆ ਹੈ। ਇਹ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਕਿਸੇ ਬੱਚੇ ਦਾ ਪਿਤਾ ਨਸ਼ਾ ਤਸਕਰੀ ਵਿੱਚ ਫੜਿਆ ਜਾਂਦਾ ਤਾਂ ਉਸ ਦੇ ਬੱਚੇ ਦਾ ਨਾਂ ਸਕੂਲ ਵਿੱਚੋਂ ਕੱਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਇਸ ਫੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਜਾਵੇਗਾ ਜਿਨ੍ਹਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ, ਉਹ ਨਸ਼ਾ ਤਸਕਰੀ ਵਿੱਚ ਸ਼ਾਮਲ ਨਹੀਂ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਬੱਚਿਆਂ ਦੇ ਭਵਿੱਖ ਲਈ ਹੀ ਅਜਿਹਾ ਕਦਮ ਚੁੱਕ ਰਹੇ ਹਨ ਕਿਉਂਕਿ ਅੱਜ ਪੰਜਾਬ ਦੀ ਨੌਜਵਾਨੀ ਨਸ਼ੇ 'ਚ ਡੁੱਬਿਆ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਨਸ਼ਿਆਂ ਦਾ ਸ਼ਿਕਾਰ ਨਹੀਂ ਹੋਣ ਦੇਵਾਂਗੇ।
ਇਸ ਫੈਸਲੇ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਖੁਸ਼
ਇਸ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਇੱਕ ਮਤਾ ਪਾਇਆ ਗਿਆ ਹੈ। ਜਿਸ 'ਚ ਜੇਕਰ ਕਿਸੇ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਬੱਚੇ ਦਾ ਪਿਤਾ ਨਸ਼ਾ ਤਸਕਰੀ 'ਚ ਫੜਿਆ ਜਾਂਦਾ ਹੈ ਤਾਂ ਉਸ ਦੇ ਬੱਚੇ ਦਾ ਨਾਂ ਸਕੂਲ 'ਚੋਂ ਕੱਟ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪ੍ਰਾਈਵੇਟ ਸਕੂਲਾਂ ਦੇ ਪ੍ਰਧਾਨ ਨਾਲ ਗੱਲ ਹੋਈ ਹੈ ਅਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸੰਦੇਸ਼ ਨਸ਼ੇ ਨੂੰ ਰੋਕਣ ਦਾ ਹੈ। ਪ੍ਰਧਾਨ ਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਬੱਚੇ ਦਾ ਪਿਤਾ ਨਕਸ਼ਾ ਵੇਚਦਾ ਹੈ ਤਾਂ ਉਸ ਨੂੰ 15 ਦਿਨਾਂ ਦਾ ਨੋਟਿਸ ਦਿੱਤਾ ਜਾਵੇਗਾ। ਜੇਕਰ ਨੋਟਿਸ ਦੇ ਬਾਅਦ ਵੀ ਉਹ ਨਾ ਰੁਕਿਆ ਤਾਂ ਬੱਚੇ ਦਾ ਨਾਮ ਕੱਟ ਦਿੱਤਾ ਜਾਵੇਗਾ। ਸਿਖਿਆ ਅਫ਼ਸਰ ਦਾ ਕਹਿਣਾ ਕਿ ਕਿ ਇਸ ਵਿੱਚ ਬੱਚੇ ਦਾ ਨਾਂ ਕੱਟਣ ਦਾ ਫੈਸਲਾ ਗਲਤ ਹੈ। ਜੇਕਰ ਕਿਸੇ ਦਾ ਪਿਤਾ ਨਸ਼ਾ ਵੇਚਦਾ ਹੈ ਤਾਂ ਉਸ ਵਿੱਚ ਬੱਚੇ ਦਾ ਕੀ ਦੋਸ਼? ਜਿਸ ਤੋਂ ਬਾਦ ਪ੍ਰਧਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ 'ਤੇ ਵਿਚਾਰ ਕੀਤਾ ਜਾਵੇਗਾ।
ਹੋਰ ਖ਼ਬਰਾਂ ਪੜ੍ਹੋ:
- With inputs from our correspondent