Chinese virus attack paddy Crop : ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ, ਝੋਨੇ ਦੀ ਫ਼ਸਲ 'ਤੇ 'ਚੀਨੀ ਵਾਇਰਸ' ਦਾ ਹਮਲਾ
Chinese virus attack paddy Crop : ਪੰਜਾਬ ਦੇ ਕਿਸਾਨਾਂ ਨੂੰ ਦੋਹਰੀ ਮਾਰ ਪੈਂਦੀ ਨਜ਼ਰ ਆ ਰਹੀ ਹੈ। ਜਿੱਥੇ ਹੜ੍ਹਾਂ ਨੇ ਪੰਜਾਬ ਦੇ ਕਈ ਕਿਸਾਨਾਂ ਦੀ ਫਸਲ ਨੂੰ ਬਰਬਾਦ ਕੀਤਾ, ਉੱਥੇ ਹੀ ਹੁਣ ਚਾਈਨਾ ਵਾਇਰਸ ਦੀ ਵੀ ਐਂਟਰੀ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਉੱਪਰ ਹੋ ਚੁੱਕੀ ਹੈ। ਜਿਸ ਕਰਕੇ ਫਸਲ ਦੀ ਲੰਬਾਈ ਵਿੱਚ ਕਮੀ ਆ ਗਈ ਹੈ ਅਤੇ ਜਮਾਂ ਹੀ ਤਬਾਹ ਹੋ ਚੁੱਕੀ ਹੈ।
ਅੱਜ ਜਦੋਂ ਪੀਟੀਸੀ ਨਿਊਜ਼ ਦੀ ਟੀਮ ਪਟਿਆਲਾ ਦੇ ਪਿੰਡ ਹਰਦਾਸਪੁਰ ਵਿੱਚ ਕਿਸਾਨਾਂ ਦਾ ਹਾਲ ਜਾਣਣ ਲਈ ਪਹੁੰਚੀ ਤਾਂ ਕਿਸਾਨਾਂ ਦੇ ਬੇਹਾਲ ਹਾਲ ਵੇਖ ਕੇ ਹੈਰਾਨ ਰਹਿ ਗਈ। ਕਿਸਾਨਾਂ ਨੇ ਆਪਣੇ ਦੁੱਖ ਪੀਟੀਸੀ ਨਾਲ ਸਾਂਝੇ ਕੀਤੇ ਅਤੇ ਸਭ ਤੋਂ ਪਹਿਲਾਂ ਧੰਨਵਾਦ ਕੀਤਾ ਕਿ ਪੀਟੀਸੀ ਪਹਿਲਾ ਅਜਿਹਾ ਨਿਊਜ਼ ਚੈਨਲ ਹੈ ,ਜੋ ਸਾਡੀ ਸਾਰ ਲੈਣ ਲਈ ਪਹੁੰਚਿਆ ਹੈ। ਹੁਣ ਤੱਕ ਇਸ ਪਿੰਡ ਵਿੱਚ ਨਾ ਕੋਈ ਸਰਕਾਰ ਆਈ ਨਾ ਹੀ ਕੋਈ ਹੋਰ ਮੀਡੀਆ, ਪਰ ਪੀਟੀਸੀ ਨਿਊਜ਼ ਗ੍ਰਾਊਂਡ ਜ਼ੀਰੋ ਤੱਕ ਪਹੁੰਚਿਆ।
ਕਿਸਾਨਾਂ ਨੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਸਾਨੂੰ ਤਾਂ ਕੁਦਰਤ ਦੀ ਮਾਰ ਅਤੇ ਇਸ ਚਾਈਨਾ ਵਾਇਰਸ ਦੀ ਮਾਰ ਨੇ ਗਿਰਾ ਕੇ ਰੱਖ ਦਿੱਤਾ ਹੈ। ਇੱਕ ਕਿਸਾਨ ਨੇ ਦੱਸਿਆ ਕਿ ਮੇਰੇ 10 ਕਿੱਲੇ ਹਨ ਜੋ ਮੈਂ ਠੇਕੇ 'ਤੇ ਲਏ ਹੋਏ ਹਨ, ਸਾਰੀ ਫਸਲ ਇਸ ਚਾਈਨਾ ਵਾਇਰਸ ਨੇ ਤਬਾਹ ਕਰ ਦਿੱਤੀ ਹੈ। ਹਾਲੇ ਤੱਕ ਗੁਆਚੀਆਂ ਦਾ ਕੋਈ ਨਾਮੋ-ਨਿਸ਼ਾਨ ਖੇਤਾਂ ਵਿੱਚ ਨਜ਼ਰ ਨਹੀਂ ਆ ਰਿਹਾ ਕਿਉਂਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਤੱਕ ਨਹੀਂ ਪਹੁੰਚਿਆ।
ਹਾਲਾਂਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਇਹ ਹਲਕਾ ਹੈ ਪਰ ਉਹਨਾਂ ਨੇ ਵੀ ਇੱਥੇ ਆ ਕੇ ਕਿਸਾਨਾਂ ਦੀ ਸਾਰ ਲੈਣਾ ਜ਼ਰੂਰੀ ਨਹੀਂ ਸਮਝਿਆ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਕਈ ਸੌ ਏਕੜ ਜ਼ਮੀਨ ਪੰਜਾਬ ਵਿੱਚ ਇਸ ਚਾਈਨਾ ਵਾਇਰਸ ਦੇ ਕਾਰਨ ਖਰਾਬ ਹੋ ਚੁੱਕੀ ਹੈ। ਪਹਿਲਾਂ ਅਸੀਂ ਮਿਹਨਤ ਕਰਕੇ ਇਹ ਫਸਲ ਬਾਈ ਸੀ, ਹੁਣ ਇਸ ਨੂੰ ਸਾਂਭਣ ਲਈ ਵੀ ਦੋਹਰਾ ਖਰਚਾ ਆਵੇਗਾ।
ਦੂਜੇ ਪਾਸੇ ਕਿਸਾਨਾਂ ਨੇ ਮੰਡੀਆਂ ਦਾ ਵੀ ਮਸਲਾ ਚੁੱਕਿਆ ਅਤੇ ਕਿਹਾ ਕਿ ਕੁਝ ਕਿਸਾਨਾਂ ਦੀਆਂ ਫਸਲਾਂ ਖੇਤਾਂ ਵਿੱਚ ਪੱਕ ਚੁੱਕੀਆਂ ਹਨ ਪਰ ਜੋ ਵਾਅਦਾ ਸਰਕਾਰ ਨੇ ਮੰਡੀਆਂ ਤੋਂ ਖਰੀਦ ਦਾ ਕੀਤਾ ਸੀ, ਉਹ ਵੀ ਅਧੂਰਾ ਹੈ। ਆੜਤੀਆਂ ਦਾ ਕਹਿਣਾ ਹੈ ਕਿ ਕੋਈ ਵੀ ਇੰਸਪੈਕਟਰ ਮੰਡੀਆਂ ਵਿੱਚ ਨਜ਼ਰ ਨਹੀਂ ਆ ਰਿਹਾ, ਜਿਸ ਕਰਕੇ ਸਾਡੀ ਉਹ ਫਸਲ ਵੀ ਅਟਕੀ ਹੋਈ ਹੈ ਤੇ ਅਸੀਂ ਨਹੀਂ ਜਾਣਦੇ ਕਿ ਕਦੋਂ ਕਣਕ ਵੇਚ ਸਕਾਂਗੇ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪਟਿਆਲਾ-2 ਦੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਕਿਸਾਨਾਂ ਦੀ ਸਾਰ ਲਈ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਹੜ੍ਹਾਂ ਨੇ ਤਬਾਹ ਕੀਤਾ, ਹੁਣ ਇਸ ਚਾਈਨਾ ਵਾਇਰਸ ਨੇ, ਪਰ ਸਰਕਾਰ ਕਿੱਥੇ ਹੈ? ਇਹ ਵੱਡਾ ਸਵਾਲ ਹੈ ਕਿ ਪੰਜਾਬ ਦੇ ਕੈਬਿਨਟ ਮੰਤਰੀ ਦਾ ਇਹ ਹਲਕਾ ਹੋਣ ਦੇ ਬਾਵਜੂਦ ਉਹ ਕਿਸਾਨਾਂ ਦੀ ਸਾਰ ਨਹੀਂ ਲੈ ਰਹੇ।
ਬਿੱਟੂ ਚੱਠਾ ਨੇ ਕਿਹਾ ਕਿ ਗੋਦਾਮਾਂ ਵਿੱਚ ਖਰੀਦ ਤੁਰੰਤ ਕਰਵਾਉਣ ਦੇ ਹੁਕਮ ਸਰਕਾਰ ਨੂੰ ਦੇਣੇ ਚਾਹੀਦੇ ਹਨ ਪਰ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਅਜਿਹੀ ਸਰਕਾਰ ਪਹਿਲਾਂ ਕਦੀ ਨਹੀਂ ਵੇਖੀ ਜੋ ਲੋਕਾਂ ਤੋਂ ਹੀ ਮਦਦ ਮੰਗਣ ਲੱਗ ਗਈ ਹੋਵੇ।
ਫਿਰ ਵੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਡਟ ਕੇ ਖੜੇਗੀ। ਆਉਣ ਵਾਲੇ ਸਮੇਂ ਵਿੱਚ ਡੀਸੀ ਪਟਿਆਲਾ ਅਤੇ ਹੋਰ ਕਈ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਜਾਣਗੇ। ਜੇਕਰ ਮੰਗ ਪੱਤਰ ਤੋਂ ਬਾਵਜੂਦ ਵੀ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਤਾਂ ਅਕਾਲੀ ਦਲ ਧਰਨਾ-ਪ੍ਰਦਰਸ਼ਨ ਵੀ ਕਰੇਗਾ। ਜਲਦ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਅਤੇ ਜੇ ਲੋੜ ਪਈ ਤਾਂ ਉਹਨਾਂ ਨੂੰ ਵੀ ਇੱਥੇ ਲਿਆ ਕੇ ਦਿਖਾਇਆ ਜਾਵੇਗਾ ਕਿ ਅੱਜ ਪੰਜਾਬ ਦੇ ਕਿਸਾਨਾਂ ਦਾ ਹਾਲ ਸਰਕਾਰ ਨੇ ਕਿੰਨਾ ਮਾੜਾ ਕਰ ਦਿੱਤਾ ਹੈ।
- PTC NEWS