"ਜਦੋਂ ਚਾਹੁੰਦੇ ਜਥੇਦਾਰ ਲਗਾ ਦਿੰਦੇ, ਜਿਸ ਮਰਜ਼ੀ ਨੂੰ ਮੁਆਫ਼ੀ ਦੇ ਦਿੰਦੇ...'', CM Mann ਨੇ ਪੰਥਕ ਧਿਰਾਂ ਲਈ ਮੁੜ ਵਰਤੇ ਇਤਰਾਜ਼ਯੋਗ ਸ਼ਬਦ
CM Mann Controversy : ''ਜਦੋਂ ਚਾਹੁੰਦੇ ਜਥੇਦਾਰ ਲਗਾ ਦਿੰਦੇ, ਜਦੋਂ ਚਾਹੁੰਦੇ ਬਦਲ ਦਿੰਦੇ, ਜਿਸ ਮਰਜ਼ੀ ਨੂੰ ਮੁਆਫ ਕਰ ਦਿਓ, ਜਿਸ ਮਰਜ਼ੀ ਦੀ ਮੁਆਫ਼ੀ ਰੱਦ ਕਰ ਦਿਓ...''। ਇਸ ਬਿਆਨਬਾਜ਼ੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਮੁੜ ਪੰਥਕ ਧਿਰਾਂ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਸਬੰਧੀ ਇਤਰਾਜ਼ਯੋਗ ਬਿਆਨਬਾਜ਼ੀ ਕਰਦਿਆਂ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਰਾਜਨੀਤੀ ਕਰਨ ਲਈ ਕਿਹਾ। ਦੱਸ ਦਈਏ ਕਿ ਮੁੱਖ ਮੰਤਰੀ ਨੇ ਅਜੇ ਲੰਘੀ 15 ਜਨਵਰੀ ਨੂੰ ਹੀ ਪੇਸ਼ੀ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਵਿਖੇ ਮੁੜ ਤੋਂ ਅਜਿਹੇ ਬਿਆਨ ਨਾ ਦੇਣ ਦਾ ਭਰੋਸਾ ਦਿੱਤਾ ਸੀ।
ਮੁੱਖ ਮੰਤਰੀ ਨੇ ਇਹ ਇਤਰਾਜ਼ਯੋਗ ਬਿਆਨ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੀ ਦਾਣਾ ਮੰਡੀ ਵਿਖੇ ਰੱਖੇ ਰਾਜ ਪੱਧਰੀ ਸਮਾਗਮ 'ਚ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤਾ। ਦੂਜੇ ਪਾਸੇ, ਮੁੱਖ ਮੰਤਰੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਰੇ ਕੀਤੀ ਗਈ ਬਿਆਨਬਾਜ਼ੀ ਸਬੰਧੀ ਅੰਤ੍ਰਿੰਗ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਸੀਐਮ ਮਾਨ ਨੇ ਕੀ ਕਿਹਾ ?
ਹਾਲਾਂਕਿ, ਇਸ ਸਭ ਦੇ ਬਾਵਜੂਦ ਹੁਣ ਮਜੀਠਾ ਵਿਖੇ ਸੀਐਮ ਮਾਨ ਨੇ ਕਿਹਾ, ''ਮੈਨੂੰ ਤਾਂ ਐਵੇਂ ਬਦਨਾਮ ਕਰੀ ਜਾਂਦੇ ਨੇ, ਕਿ ਇਸ ਨੇ ਮੱਥਾ ਲਾ ਲਿਆ, ਕੀ ਮੈਂ ਮੱਥਾ ਲਾਉਣ ਦੀ ਔਕਾਤ ਰੱਖਦਾਂ, ਕੀ ਮੈਂ ਮੱਥਾ ਲਾਉਣ ਦੀ ਹਿੰਮਤ ਰੱਖਦਾਂ, ਨਹੀਂ ਹੋ ਸਕਦਾ, ਕਦੇ ਵੀ ਨਹੀਂ ਹੋ ਸਕਦਾ। ਮੱਥਾ ਇਨ੍ਹਾਂ ਨੇ ਲਾਇਆ ਸੀ, ਜਦੋਂ ਚਾਹੁੰਦੇ ਨੇ ਜਥੇਦਾਰ ਬਦਲ ਦਿਓ, ਜਦੋਂ ਚਾਹੁੰਦੇ ਐ ਜਥੇਦਾਰ ਨੂੰ ਘਰੇ ਬੁਲਾ ਲਓ, ਜਦੋਂ ਚਾਹੁੰਦੇ ਐ ਜੀਹਨੂੰ ਮਰਜ਼ੀ ਮਾਫ ਕਰਦੋ ਤੇ ਜਦੋਂ ਚਾਹੁੰਦੇ ਐ ਜਿਸ ਮਰਜ਼ੀ ਦੀ ਮਾਫੀ ਕੈਂਸਲ ਕਰ ਦਿਓ। ਮੱਥਾ ਇਨ੍ਹਾਂ ਨੇ ਲਾਇਆ ਹੋਇਐ।''
ਉਨ੍ਹਾਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਕਿਹਾ ਕਿ ਉਹ ਰਾਜਨੀਤੀ ਲਈ ਕਿਸੇ ਮਰਜ਼ੀ ਪਾਰਟੀ ਵਿੱਚ ਚਲੇ ਜਾਣ, ਪਰ ਪਹਿਲਾਂ ਸ੍ਰੋਮਣੀ ਕਮੇਟੀ ਨੂੰ ਛੱਡ ਦੇਣ। ਉਨ੍ਹਾਂ ਕਿਹਾ ਕਿ ਪਹਿਲਾਂ ਵਿਰੋਧੀ ਲੋਕਾਂ ਨੂੰ ਬੇਵਕੂਫ਼ ਬਣਾ ਕੇ ਸਿਆਸਤ ਦੀਆਂ ਰੋਟੀਆਂ ਸੇਕਦੇ ਰਹੇ। ਪਰ ਹੁਣ ਉਨ੍ਹਾਂ ਦੇ ਆਪਣੇ ਬਿਆਨਾਂ ਰਾਹੀਂ ਹੀ ਉਨ੍ਹਾਂ ਦੀ ਅਸਲੀਅਤ ਸਾਹਮਣੇ ਆ ਰਹੀ ਹੈ।
''15 ਜਨਵਰੀ ਨੂੰ ਪੇਸ਼ੀ 'ਤੇ ਖੁਦ ਨੂੰ ਦੱਸਿਆ ਸੀ ਨਿਮਾਣਾ ਸਿੱਖ''
ਦੱਸ ਦਈਏ ਕਿ 15 ਜਨਵਰੀ ਨੂੰ ਮੁੱਖ ਮੰਤਰੀ ਨੇ ਪੇਸ਼ੀ ਤੋਂ ਬਾਅਦ ਮੀਡੀਆ ਰੂਬਰੂ ਹੁੰਦੇ ਕਿਹਾ ਸੀ ਕਿ, ਉਹ ਇੱਕ ਨਿਮਾਣੇ ਸਿੱਖ ਵੱਜੋਂ ਪੇਸ਼ ਹੋਏ ਹਨ ਅਤੇ ਜਥੇਦਾਰ ਸਾਹਿਬ ਨੂੰ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਸੋਚ ਨਹੀਂ ਅਤੇ ਹੁਣ ਅਗਲੇ ਫੈਸਲੇ ਬਾਰੇ ਸਿੰਘ ਸਾਹਿਬ ਦੱਸਣਗੇ, ਸਿੰਘ ਸਾਹਿਬ ਦਾ ਫੈਸਲਾ ਸਿਰ ਮੱਥੇ ਹੋਵੇਗਾ।
ਇਸ ਪਿੱਛੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀਐਮ ਮਾਨ ਵੱਲੋਂ ਧਾਰਮਿਕ ਮਸਲਿਆਂ 'ਤੇ ਆਪਣੀ ਬਿਆਨਬਾਜ਼ੀ 'ਤੇ ਖੇਦ ਜਤਾਉਂਦਿਆਂ ਭਵਿੱਖ 'ਚ ਟਿੱਪਣੀ ਨਾ ਕਰਨ ਦਾ ਭਰੋਸਾ ਦੇਣ ਬਾਰੇ ਜਾਣਕਾਰੀ ਦਿੱਤੀ ਸੀ।
- PTC NEWS