adv-img
ਮੁੱਖ ਖਬਰਾਂ

CM ਮਾਨ ਪੰਜਾਬ 'ਚ ਕਾਨੂੰਨੀ ਵਿਵਸਥਾ ਬਣਾਏ ਰੱਖਣ 'ਚ ਹੋਏ ਨਾਕਾਮ : ਬਿਕਰਮ ਮਜੀਠੀਆ

By Pardeep Singh -- November 24th 2022 07:02 PM
CM ਮਾਨ ਪੰਜਾਬ 'ਚ ਕਾਨੂੰਨੀ ਵਿਵਸਥਾ ਬਣਾਏ ਰੱਖਣ 'ਚ ਹੋਏ ਨਾਕਾਮ : ਬਿਕਰਮ ਮਜੀਠੀਆ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ  ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਗਿਣੇ ਚੁਣੇ ਤੱਤਾਂ ਖਿਲਾਫ ਕਾਰਵਾਈ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ  ਲੋਕਾਂ ਦੀ ਸੋਚ ਦਾ ਧਾਰਮਿਕ ਲੀਹਾਂ ’ਤੇ ਧਰੁਵੀਕਰਨ ਕਰ ਕੇ ਮਾਹੌਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰ ਰਹੇ ਹਨ। 


ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੂਬੇ ਦੇ ਲੋਕ ਇਹਨਾਂ ਤੱਤਾਂ ਬਾਰੇ ਚਿੰਤਤ ਹਨ ਜੋ ਇਕ ਦੂਜੇ ਦੇ ਧਰਮਾਂ ਖਿਲਾਫ ਜ਼ਹਿਰ ਉਗਲ ਰਹੇ ਹਨ ਅਤੇ ਸੂਬੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ  ਹਿੰਦੂ ਤੇ ਸਿੱਖ ਭਾਈਚਾਰੇ ਵਿਚਾਲੇ ਆਪਸੀ ਸਾਂਝ ਦੀ ਰਾਖੀ ਜ਼ਰੂਰੀ ਹੈ ਅਤੇ ਪੰਜਾਬੀਅਤ ਦਾ ਕਾਮਯਾਬ ਹੋਣਾ ਜ਼ਰੂਰੀ ਹੈ।

ਉਨ੍ਹਾਂ ਨੇ ਅੱਗੇ  ਕਿਹਾ ਕਿ ਮੁੱਖ ਮੰਤਰੀ  ਭਗਵੰਤ ਮਾਨ ਅਜਿਹੇ ਅਨਸਰਾਂ ਦੇ ਖਿਲਾਫ ਕਾਰਵਾਈ ਵਿਚ ਦੋਗਲਾ ਮਿਆਰ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸੁਧੀਰ ਸੂਰੀ ਕਤਲ ਕੇਸ ਵਿਚ ਸੰਨੀ ਗ੍ਰਿਫ਼ਤਾਰ ਹੋ ਚੁੱਕਾ ਹੈ ਪਰ ਉਨ੍ਹਾਂ ਅਨਸਰਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ  ਜਿਹਨਾਂ ਨੇ ਸੰਨੀ ਦੇ ਭਰਾ ਹਰਦੀਪ ਸਿੰਘ ਦੀ ਦੁਕਾਨ ਨੂੰ ਅੱਗ ਲਗਾਈ ਅਤੇ ਸਿੱਖ ਕੌਮ ਖਿਲਾਫ ਜ਼ਹਿਰ ਉਗਲਿਆ।

ਉਨ੍ਹਾਂ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ ਤੇ ਕਿਸੇ ਇਕ ਭਾਈਚਾਰੇ ਲਈ ਕਾਨੂੰਨ ਵੱਖਰਾ ਤੇ ਦੂਜੇ ਲਈ ਵੱਖਰਾ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਹਰੇਕ ਦੀ ਰਾਖੀ ਹੋਣੀ ਚਾਹੀਦੀ ਹੈ ਨਾ ਕਿ ਚੋਣਵੇਂ ਆਧਾਰ ’ਤੇ ਅਜਿਹਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸੰਨੀ ਦੇ ਭਰਾ ਹਰਦੀਪ ਸਿੰਘ ਤੇ ਮਨਦੀਪ ਸਿੰਘ ਨੂੰ ਵੀ ਸੁਰੱਖਿਆ ਦਿੱਤੀ ਜਾਣੀ ਚਾਹੀਦੀਹੈ। 

ਉਨ੍ਹਾਂ ਦੱਸਿਆ ਕਿ ਜਿਹੜੇ ਅਨਸਰਾਂ ਨੇ ਹਰਦੀਪ ਸਿੰਘ ਦੀ ਦੁਕਾਨ ਨੂੰ ਅੱਗ ਲਗਾਈ ਤੇ ਸਭ ਕੁਝ ਤਬਾਹ ਕੀਤਾ, ਉਹਨਾਂ ਖਿਲਾਫ 10 ਨਵੰਬਰ ਨੂੰ ਸ਼ਿਕਾਇਤ ਦਿੱਤੀ ਸੀ ਪਰ ਪੁਲਿਸ ਨੇ ਮੁਲਜ਼ਮਾਂ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ । ਉਨ੍ਹਾਂ ਨੇ ਕਿਹਾ ਕਿ ਹਰਦੀਪ ਸਿੰਘ ਦਾ ਸੂਰੀ ਦੇ ਕਤਲ ਕੇਸ ਵਿਚ ਕੋਈ ਰੋਲ ਨਹੀਂ ਹੈ ਪਰ ਫਿਰ ਵੀ ਪੁਲਿਸ ਉਸਨੂੰ ਨਿਆਂ ਨਹੀਂ ਦੇ ਰਹੀ।

ਉਨ੍ਹਾਂ  ਕਿਹਾ ਕਿ ਹਿੰਦੂ ਤੇ ਸਿੱਖ ਭਾਈਚਾਰੇ ਨਾਲ ਸਬੰਧਤ ਵਕੀਲ ਸੰਨੀ ਦੀ ਅਦਾਲਤ ਵਿਚ ਪ੍ਰਤੀਨਿਧਤਾ ਕਰ ਰਹੇ ਹਨ ਕਿਉਂਕਿ ਉਹ ਵੀ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣੀ ਰਹਿਣੀ ਵੇਖਣਾ ਚਾਹੁੰਦੇ ਹਨ। ਉਹਨਾਂ ਨੇ ਇਸ ਮੌਕੇ ਵਕੀਲਾਂ ਦੇ ਨਾਂ ਵੀ ਦੱਸੇ ਜਿਹਨਾਂ ਵਿਚ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੌਰਵ ਚੰਗੋਤਰਾ, ਰੋਹਿਤ ਸ਼ਰਮਾ, ਰਮਨ ਸ਼ਰਮਾ, ਧੀਰਜ ਸੋਢੀ, ਸੁਖਰਾਜ ਸਿੰਘ ਮਾਨ, ਗੁਰਪ੍ਰੀਤ ਸਿੰਘ ਬਾਸਰਕੇ ਅਤੇ ਸੁਰਿੰਦਰ ਮੋਹਨ ਸ਼ਰਮਾ ਹਾਜ਼ਰ ਹਨ। 

ਇਸ ਮੌਕੇ ਪ੍ਰੈਸ ਕਾਨਫਰੰਸ ਵਿਚ ਮੌਜੂਦ ਮਨਦੀਪ ਸਿੰਘ ਤੇ ਹਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਧਾਰਮਿਕ ਬਿਰਤੀ ਹੈ ਤੇ ਹਮੇਸ਼ਾ ਫਿਰਕੂ ਸਦਭਾਵਨਾ ਨਾਲ ਕੰਮ ਕਰਦਾ ਹੈ ਅਤੇ ਉਹਨਾਂ ਦੀ ਦੁਕਾਨ ’ਤੇ ਕਈ ਹਿੰਦੂ ਵੀਰ ਵੀ ਨੌਕਰੀ ਕਰਦੇ ਹਨ ਅਤੇ ਉਹਨਾਂ ਦੇ ਗਾਹਕਾਂ ਵਿਚ ਸਿਰਫ ਸਿੱਖ ਹੀ ਨਹੀਂ ਬਲਕਿ ਸਮੁੱਚੇ ਪੰਜਾਬੀ ਸ਼ਾਮਲ ਹਨ। ਉਹਨਾਂ ਦੱਸਿਆ ਕਿ ਜਦੋਂ ਉਹ ਅਦਾਲਤ ਵਿਚ ਪੇਸ਼ੀ ਮੌਕੇ ਸੰਨੀ ਨੂੰ ਮਿਲਦੇ ਹਨ ਤਾਂ ਉਹ ਵੀ ਇਹੀ ਆਖਦਾ ਹੈ ਕਿ ਹਿੰਦੂ ਤੇ ਸਿੱਖ ਭਾਈਚਾਰੇ ਦੇ ਨਾਂ ’ਤੇ ਧਰੁਵੀਕਰਨ ਨਾ ਹੋਣ ਦਿੱਤਾ ਜਾਵੇ। 

ਮਜੀਠੀਆ ਨੇ ਮੰਗ ਕੀਤੀ ਕਿ ਸਰਕਾਰ ਧਰਮ ਦੇ ਆਧਾਰ ’ਤੇ ਵਿਤਕਰਾ ਨਾ ਕਰੇ ਬਲਕਿ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਕੰਮ ਕਰੇ। ਉਹਨਾਂ ਕਿਹਾ ਕਿ ਜੋ ਜ਼ਹਿਰ ਉਗਲਦੇ ਹਨ, ਉਹਨਾਂ ਨੂੰ ਕੋਈ ਸਕਿਓਰਿਟੀ ਨਾ ਦਿੱਤੀ ਜਾਵੇ ਬਲਕਿ ਉਹਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਾਂਤੀ ਤੇ ਫਿਰਕੂ ਸਦਭਾਵਨਾ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਬਹੁਤ ਜ਼ਰੂਰੀ  ਹੈ।

- PTC NEWS

adv-img
  • Share